ਸਿਰਸਾ ਨੇ 125 ਬੈੱਡਾਂ ਦੇ ਹਸਤਪਾਲ ਬਣਾਉਣ ਦੀ ਤਿਆਰੀ ਦਾ ਲਿਆ ਜਾਇਜ਼ਾ

06/18/2021 8:58:28 PM

ਜਲੰਧਰ (ਚਾਵਲਾ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਥੇ ਬਾਲਾ ਸਾਹਿਬ ਹਸਪਤਾਲ ਕੰਪਲੈਕਸ ਵਿਚ ਬਣਾਏ ਜਾ ਰਹੇ 125 ਬੈੱਡਾਂ ਦੇ ਹਸਪਤਾਲ ਦੇ ਉਸਾਰੀ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸਿਰਸਾ ਨੇ ਹਸਪਤਾਲ ਦੀ ਉਸਾਰੀ ਮਿੱਥੇ 60 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕਰਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਤੇ ਕੰਮ ਕਰ ਰਹੇ ਸਟਾਫ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਨੇ ਇਸ ਮੌਕੇ ਸਟਾਫ ਨੂੰ ਚੇਤੇ ਕਰਵਾਇਆ ਕਿ ਅਸੀਂ ਸੰਗਤ ਨਾਲ ਜੋ ਵਾਅਦਾ ਕੀਤਾ ਹੈ, ਉਸ ਮੁਤਾਬਕ ਇਹ ਹਸਪਤਾਲ 60 ਦਿਨਾਂ ਦੇ ਅੰਦਰ-ਅੰਦਰ ਤਿਆਰ ਕੀਤਾ ਜਾਣਾ ਜ਼ਰੂਰੀ ਹੈ।

ਇਹ ਖ਼ਬਰ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ ਕੈਬਨਿਟ ਵਲੋਂ 6ਵੇਂ ਪੇਅ ਕਮਿਸ਼ਨ ਨੂੰ ਮਨਜ਼ੂਰੀ

ਉਨ੍ਹਾਂ ਨੇ ਦੱਸਿਆ ਕਿ ਮਾਹਿਰਾਂ ਵਲੋਂ ਦਿੱਤੀ ਸਲਾਹ ਮੁਤਾਬਕ ਕੋਰੋਨਾ ਦੇ ਤੀਜੀ ਲਹਿਰ ਨੂੰ ਵੇਖਦਿਆਂ ਇਹ ਹਸਪਤਾਲ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਦਰਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਕਿਉਂਕਿ ਮਾਹਿਰਾਂ ਨੇ ਇਹ ਰਾਏ ਦਿੱਤੀ ਹੈ ਕਿ ਤੀਜੀ ਲਹਿਰ ਦੌਰਾਨ ਬੱਚਿਆਂ ਨੂੰ ਸਭ ਤੋਂ ਵੱਧ ਖ਼ਤਰਾ ਹੋ ਸਕਦਾ ਹੈ, ਇਸ ਲਈ ਬੱਚਿਆਂ ਲਈ ਵਿਸ਼ੇਸ਼ ਵਾਰਡ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਅਤਿ-ਆਧੁਨਿਕ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਆਸ਼ੀਰਵਾਦ ਸਦਕਾ ਇਹ ਹਸਪਤਾਲ ਤੈਅ ਕੀਤੇ ਸਮੇਂ ਅੰਦਰ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਹੋਰ ਸਹੂਲਤਾਂ ਤੋਂ ਇਲਾਵਾ ਟੈਸਟ ਸਹੂਲਤਾਂ ਵੀ ਹੋਣਗੀਆਂ ਤਾਂ ਜੋ ਮਰੀਜ਼ਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਅਸੀਂ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਅੰਦਰ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਸਿਰਫ 12 ਦਿਨਾਂ ਦੇ ਅੰਦਰ-ਅੰਦਰ ਤਿਆਰ ਕਰ ਕੇ ਸੰਗਤ ਨੂੰ ਸਮਰਪਿਤ ਕੀਤਾ ਹੈ, ਉਸੇ ਤਰੀਕੇ ਇਹ ਹਸਪਤਾਲ 60 ਦਿਨਾਂ ਦੇ ਅੰਦਰ-ਅੰਦਰ ਤਿਆਰ ਕਰ ਕੇ ਸੰਗਤ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਮਨੁੱਖੀ ਜਾਨਾਂ ਬਚਾਉਣਾ ਸਭ ਤੋਂ ਜ਼ਰੂਰੀ ਹੈ ਤੇ ਇਹ ਜਾਨਾਂ ਸੋਨੇ ਚਾਂਦੀ ਤੋਂ ਵੀ ਕਿਤੇ ਕੀਮਤੀ ਹਨ।

ਇਹ ਖ਼ਬਰ ਵੀ ਪੜ੍ਹੋ- WTC Final : ਨਿਰਾਸ਼ ਹੋਈ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ, ਇਹ ਹੈ ਵਜ੍ਹਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh