ਨਹਿਰੀ ਪਾਣੀ ਛੱਡਣ ਕਾਰਨ ਸਰਹਿੰਦ ਚੋਅ ਹੋਇਆ ਓਵਰਫਲੋ, ਫ਼ਸਲ ਡੁੱਬਣ ਤੋਂ ਭੜਕੇ ਕਿਸਾਨਾਂ ਨੇ ਸੜਕ ਕੀਤੀ ਜਾਮ

07/12/2023 9:12:58 PM

ਭਵਾਨੀਗੜ੍ਹ (ਵਿਕਾਸ ਮਿੱਤਲ)- ਇਲਾਕੇ ਦੇ ਪਿੰਡਾਂ ਵਿਚੋਂ ਦੀ ਗੁਜ਼ਰਦੇ ਸਰਹਿੰਦ ਚੋਅ ਵਿਚ ਨਹਿਰੀ ਪਾਣੀ ਛੱਡ ਦੇਣ ਕਾਰਨ ਰਾਤੋ-ਰਾਤ ਚੋਅ ਦੇ ਪਾਣੀ ਦਾ ਪੱਧਰ ਜ਼ਿਆਦਾ ਵੱਧ ਗਿਆ ਤੇ ਚੋਅ ਦਾ ਪਾਣੀ ਓਵਰਫਲੋ ਹੋ ਕੇ ਪਿੰਡ ਨੰਦਗੜ੍ਹ, ਦਿੱਤੂਪੁਰ, ਖੇੜੀ ਚੰਦਵਾਂ, ਗਹਿਲਾਂ, ਮਹਿਸਮਪੁਰ ਤੇ ਰਸੂਲਪੁਰ ਛੰਨਾਂ ਦੇ ਖੇਤਾਂ 'ਚ ਭਰ ਜਾਣ ਕਾਰਨ ਕਿਸਾਨਾਂ ਦੀ ਲਗਭਗ 40-50 ਏਕੜ ਝੋਨੇ ਦੀ ਤਾਜੀ ਲਾਈ ਫ਼ਸਲ ਪਾਣੀ ਵਿਚ ਡੁੱਬ ਗਈ। ਜਿਸ ਤੋਂ ਭੜਕੇ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੇ ਅੱਜ ਪ੍ਰਸ਼ਾਸਨ ਖਿਲਾਫ਼ ਰੋਸ਼ ਜ਼ਾਹਿਰ ਕਰਦਿਆਂ ਪਿੰਡ ਗਹਿਲਾਂ ਡਰੇਨ ਪੁਲ ਨੇੜੇ ਭਵਾਨੀਗੜ੍ਹ-ਧੂਰੀ ਲਿੰਕ ਰੋਡ 'ਤੇ ਧਰਨਾ ਦਿੰਦਿਆਂ ਚੋਅ 'ਚ ਛੱਡੇ ਜਾਂਦੇ ਨਹਿਰੀ ਪਾਣੀ ਨੂੰ ਬੰਦ ਕਰਨ ਦੀ ਮੰਗ ਕੀਤੀ। 

ਇਹ ਖ਼ਬਰ ਵੀ ਪੜ੍ਹੋ - 1984 ਸਿੱਖ ਵਿਰੋਧੀ ਦੰਗੇ: ਅਦਾਲਤ ਨੇ ਸਰਕਾਰ ਨੂੰ ਲਗਾਈ ਫਟਕਾਰ, ਜਾਣੋ ਕੀ ਹੈ ਪੂਰਾ ਮਾਮਲਾ

ਇਸ ਮੌਕੇ ਧਰਨੇ ਦੌਰਾਨ ਨਿਹਾਲ ਸਿੰਘ ਨੰਦਗੜ੍ਹ, ਜਸਵੀਰ ਸਿੰਘ ਨੰਦਗੜ੍ਹ, ਗੁਰਜੰਟ ਸਿੰਘ, ਤਿਰਲੋਕ ਸਿੰਘ, ਸਰਦਾਰਾ ਖਾਂ ਤੇ ਬਲਵਿੰਦਰ ਸਿੰਘ ਆਦਿ ਕਿਸਾਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਹੋਈ ਭਾਰੀ ਬਰਸਾਤ ਕਾਰਨ ਪਹਿਲਾਂ ਹੀ ਸਰਹਿੰਦ ਚੋਅ 'ਚ ਪਾਣੀ ਨੱਕੋ ਨੱਕ ਚੱਲ ਰਿਹਾ ਸੀ। ਇਸ ਦੇ ਬਾਵਜੂਦ ਬੀਤੀ ਰਾਤ ਚੁੱਪ ਚਪੀਤੇ ਪਿੱਛੋਂ ਇਸ ਵਿਚ ਨਹਿਰੀ ਪਾਣੀ ਛੱਡ ਦਿੱਤਾ ਗਿਆ ਜਿਸ ਕਾਰਨ ਓਵਰਫ਼ਲੋ ਹੋ ਕੇ ਚੋਅ ਦਾ ਕਈ ਫੁੱਟ ਪਾਣੀ ਨੰਦਗੜ੍ਹ, ਦਿੱਤੂਪੁਰ, ਖੇੜੀ ਚੰਦਵਾਂ, ਗਹਿਲਾਂ, ਮਹਿਸਮਪੁਰ ਤੇ ਰਸੂਲਪੁਰ ਛੰਨਾਂ ਦੇ ਪਿੰਡਾਂ ਦੀਆਂ ਜ਼ਮੀਨਾਂ 'ਚ ਫਿਰ ਗਿਆ ਜਿਸ ਨਾਲ 40-50 ਏਕੜ ਦੇ ਕਰੀਬ ਕਿਸਾਨਾਂ ਦਾ ਤਾਜ਼ਾ ਲਗਾਇਆ ਝੋਨਾ ਪਾਣੀ ਦੀ ਮਾਰ ਹੇਠ ਆ ਗਿਆ। ਕਿਸਾਨਾਂ ਦਾ ਆਖਣਾ ਸੀ ਕਿ ਜੇਕਰ ਅੱਜ ਸ਼ਾਮ ਤੱਕ ਚੋਅ ਦਾ ਪਾਣੀ ਇਸੇ ਤਰ੍ਹਾਂ ਚੱਲਦਿਆਂ ਰਿਹਾ ਤਾਂ ਉਨ੍ਹਾਂ ਦਾ ਵੱਡੇ ਪੱਧਰ 'ਤੇ ਫ਼ਸਲ ਦਾ ਨੁਕਸਾਨ ਹੋਵੇਗਾ ਤੇ ਪਾਣੀ ਪਿੰਡਾਂ ਤੱਕ ਪੁੱਜ ਕੇ ਲੋਕਾਂ ਦੇ ਘਰਾਂ 'ਚ ਜਾ ਵੜੇਗਾ। ਇਸ ਮੌਕੇ ਕਿਸਾਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਉਕਤ ਚੋਅ ਵਿਚ ਨਹਿਰੀ ਪਾਣੀ ਨਾ ਛੱਡਣ ਦੀ ਮੰਗ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਇਹ ਖ਼ਬਰ ਵੀ ਪੜ੍ਹੋ - ਪ੍ਰੇਮਿਕਾ ਵੱਲੋਂ ਨੌਕਰੀ ਲੱਗਣ ਮਗਰੋਂ ਕੀਤੀ ਬੇਵਫ਼ਾਈ ਨਾ ਸਹਾਰ ਸਕਿਆ ਨੌਜਵਾਨ, ਕੁੜੀ ਨੂੰ ਭੇਜੀ 'ਆਖ਼ਰੀ ਵੀਡੀਓ' ਤੇ ਫ਼ਿਰ...

ਇਹ ਖ਼ਬਰ ਵੀ ਪੜ੍ਹੋ - ਹੜ੍ਹ ਦੇ ਪਾਣੀ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਰੋਂਦਾ ਕੁਰਲਾਉਂਦਾ ਰਹਿ ਗਿਆ ਪਰਿਵਾਰ

ਗੰਭੀਰਤਾ ਨਾ ਦਿਖਾਉਣ 'ਤੇ ਹਾਈਵੇਅ ਜਾਮ ਦੀ ਚਿਤਾਵਨੀ

ਇਸ ਮੌਕੇ ਡਰੇਨੇਜ਼ ਵਿਭਾਗ ਦੇ ਜੇ.ਈ. ਸੰਦੀਪ ਸਿੰਘ ਨੇ ਮੌਕੇ 'ਤੇ ਪੁੱਜ ਕੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਕਿਸਾਨਾਂ ਨੇ ਇਕ ਨਾ ਸੁਣੀ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਦਾ ਕੋਈ ਉੱਚ ਅਧਿਕਾਰੀ ਮੌਕੇ 'ਤੇ ਆ ਕੇ ਇਸ ਸਬੰਧੀ ਭਰੋਸਾ ਨਹੀਂ ਦਿਵਾਉੰਦਾ ਉਹ ਧਰਨੇ 'ਤੇ ਬੈਠੇ ਰਹਿਣਗੇ। ਜਿਸ ਉਪਰੰਤ ਐੱਸ.ਡੀ.ਐੱਮ. ਭਵਾਨੀਗੜ੍ਹ ਜਿਨ੍ਹਾਂ ਦੀ ਡਿਊਟੀ ਘੱਗਰ ਦਰਿਆ 'ਤੇ ਲੱਗੀ ਹੋਈ ਹੈ, ਨੇ ਕਿਸਾਨਾਂ ਨਾਲ ਫ਼ੋਨ 'ਤੇ ਗੱਲ ਕਰਕੇ ਚੋਅ ਵਿਚ ਪਾਣੀ ਨਾ ਛੱਡੇ ਜਾਣ ਦਾ ਭਰੋਸਾ ਦਿੱਤਾ। ਇਸ ਉਪਰੰਤ ਲੋਕਾਂ ਨੇ ਧਰਨਾ ਸਮਾਪਤ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਦੀ ਕਹਿਣੀ ਤੇ ਕਰਨੀ 'ਚ ਫਰਕ ਹੋਇਆ ਤਾਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਭਵਾਨੀਗੜ੍ਹ ਵਿਖੇ ਹਾਈਵੇਅ ਜਾਮ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 

Anmol Tagra

This news is Content Editor Anmol Tagra