ਰਾਹੁਲ ਦੀ ਸੰਗਰੂਰ ਫੇਰੀ ਕਰ ਗਈ ਸਿੰਗਲਾ ਦਾ ਸਿਆਸੀ ਕੱਦ ਹੋਰ ਉੱਚਾ

10/06/2020 12:53:01 PM

ਸੰਗਰੂਰ (ਵਿਵੇਕ ਸਿੰਧਵਾਨੀ) : ਮਾਲਵੇ ਦੇ ਜ਼ਿਲ੍ਹਾ ਸੰਗਰੂਰ 'ਚ ਕਾਂਗਰਸ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ 'ਖੇਤੀ ਬਚਾਓ ਯਾਤਰਾ' ਦੌਰਾਨ ਪਾਈ ਫੇਰੀ ਸੰਗਰੂਰ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਸਿਆਸੀ ਕੱਦ ਨੂੰ ਹੋਰ ਉੱਚਾ ਕਰ ਗਈ ਹੈ। ਰਾਹੁਲ ਗਾਂਧੀ ਦੇ ਖ਼ਾਸ ਕਰੀਬੀਆਂ 'ਚੋਂ ਗਿਣੇ ਜਾਂਦੇ ਵਿਜੇਇਦੰਰ ਸਿੰਗਲਾ ਦੇ ਹਲਕੇ 'ਚ ਹੋਈ ਖੇਤੀ ਬਚਾਓ ਯਾਤਰਾ ਜੋ ਕਿ 55 ਕਿਲੋਮੀਟਰ ਲੰਮੀ ਰਹੀ ਦੀ ਸਿਆਸੀ ਗਲਿਆਰਿਆਂ 'ਚ ਚਰਚਾ ਰਹੀ। ਸੰਗਰੂਰ ਜਿਥੋਂ ਵਿਜੇਇੰਦਰ ਸਿੰਗਲਾ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ ਅਤੇ ਹੁਣ ਮੌਜੂਦਾ ਵਿਧਾਇਕ ਹਨ। ਉਨ੍ਹਾਂ ਲਈ ਰਾਹੁਲ ਗਾਂਧੀ ਪਹਿਲਾਂ ਚੋਣ ਪ੍ਰਚਾਰ ਕਰਨ ਲਈ ਵੀ ਆ ਚੁੱਕੇ ਹਨ ਅਤੇ ਹੁਣ ਖੇਤੀ ਬਚਾਓ ਯਾਤਰਾ ਲਈ ਮੁੜ ਸੰਗਰੂਰ ਵਿਧਾਨ ਸਭਾ ਹਲਕੇ ਦੀ ਚੋਣ ਨਾਲ ਮੁੜ ਸਾਬਿਤ ਹੋ ਗਿਆ ਹੈ ਕਿ ਰਾਹੁਲ ਗਾਂਧੀ ਦੇ ਵਿਸ਼ਵਾਸਪਾਤਰਾ 'ਚੋਂ ਇਕ ਹਨ ਵਿਜੇ ਇੰਦਰ ਸਿੰਗਲਾ। 'ਖੇਤੀ ਬਚਾਓ ਯਾਤਰਾ' ਦੌਰਾਨ ਵਿਧਾਨ ਸਭਾ ਹਲਕਾ ਸੰਗਰੂਰ 'ਚ ਕੋਰੋਨਾ ਮਹਾਮਾਰੀ ਦੇ ਬਾਵਜੂਦ ਵੀ ਸੰਗਰੂਰ ਅਤੇ ਭਵਾਨੀਗੜ੍ਹ ਦੀਆਂ ਰੈਲੀਆਂ 'ਚ ਪਹੁੰਚਿਆ ਵੱਡਾ ਇਕੱਠ ਵੀ ਸਿੰਗਲਾ ਦੇ ਦਮਦਾਰ ਤੇ ਹਰਮਨ ਪਿਆਰਾ ਲੀਡਰ ਹੋਣ ਦੀ ਗਵਾਹੀ ਭਰ ਗਿਆ। ਸੰਗਰੂਰ ਤੇ ਭਵਾਨੀਗੜ੍ਹ ਤੋਂ ਇਲਾਵਾ ਰਾਹਾਂ 'ਚ ਵੀ ਮੁੱਖ ਮਾਰਗ 'ਤੇ ਸੈਂਕੜਿਆਂ ਦੀ ਤਾਦਾਦ 'ਚ ਲੋਕ ਖੇਤੀ ਬਚਾਓ ਯਾਤਰਾ 'ਚ ਸ਼ਾਮਲ ਹੋਏ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੀ ਰੈਲੀ 'ਚ ਸੋਫਿਆਂ ਵਾਲਾ ਟਰੈਕਟਰ ਬਣਿਆ ਚਰਚਾ ਦਾ ਵਿਸ਼ਾ

ਇਸ ਤੋਂ ਇਲਾਵਾ ਆਖਰੀ ਪੜਾਅ ਸਮਾਣੇ ਦੀ ਗ੍ਰੀਨ ਮਾਰਕੀਟ ਤੱਕ ਖੇਤੀ ਬਚਾਓ ਯਾਤਰਾ 'ਚ ਇਕ ਬਹੁਤ ਵੱਡਾ ਲੋਕਾਂ ਦਾ ਠਾਠਾਂ ਮਾਰਦਾ ਕਾਫ਼ਲਾ ਰਾਹੁਲ ਗਾਂਧੀ ਦੀ ਟਰੈਕਟਰ ਯਾਤਰਾ ਦੌਰਾਨ ਨਾਲ ਰਿਹਾ। ਸੰਗਰੂਰ 'ਚ ਹੋਈ ਖੇਤੀ ਬਚਾਓ ਯਾਤਰਾ ਜਿਸ 'ਚ ਰਾਹੁਲ ਗਾਂਧੀ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਆਦਿ ਸ਼ਾਮਲ ਹੋਏ ਸਨ। ਉਨ੍ਹਾਂ ਸਾਰਿਆਂ ਨੇ ਅੱਜ ਦੀ ਟਰੈਕਟਰ ਰੈਲੀ ਲਈ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਕੀਤੇ ਪ੍ਰਬੰਧਾਂ ਦੀ ਪ੍ਰਸ਼ੰਸਾ ਕੀਤੀ।

ਇਹ ਵੀ ਪੜ੍ਹੋ : ਕਰਤਾਰਪੁਰ ਲਾਂਘਾ : ਰਾਵੀ ਦਰਿਆ 'ਤੇ ਬਣਨ ਵਾਲੇ ਪੁੱਲ 'ਤੇ ਪਾਕਿ ਨੇ ਅੱਜ ਤੱਕ ਇਕ ਇੱਟ ਨਹੀਂ ਲਾਈ

ਰਾਤ ਵੀ ਵਿਸ਼ੇਸ਼ ਤੌਰ 'ਤੇ ਮਿਲਣ ਲਈ ਪੁੱਜੇ ਰਾਹੁਲ ਗਾਂਧੀ
ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਐਤਵਾਰ ਆਪਣੀ ਮੋਗਾ ਰੈਲੀ ਦੀ ਸਮਾਪਤੀ ਤੋਂ ਬਾਅਦ ਵਿਜੇਇੰਦਰ ਸਿੰਗਲਾ ਨੂੰ ਮਿਲਣ ਲਈ ਅਤੇ ਸੰਗਰੂਰ ਰੈਲੀ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਲੈਣ ਲਈ ਉਚੇਚੇ ਤੌਰ 'ਤੇ ਰਾਤ ਨੂੰ ਸੰਗਰੂਰ ਪੁੱਜੇ। ਸਥਾਨਕ ਰੈਸਟ ਹਾਊਸ 'ਚ ਰਾਹੁਲ ਗਾਂਧੀ ਦੇ ਪਹੁੰਚਣ 'ਤੇ ਸਿੰਗਲਾ ਨੇ ਜਿਥੇ ਉਨ੍ਹਾਂ ਦਾ ਸੁਆਗਤ ਕੀਤਾ ਉਥੇ ਹੀ ਰੈਲੀ ਦੀਆਂ ਤਿਆਰੀਆਂ ਸਬੰਧੀ ਵਿਸਥਾਰ ਪੂਰਵਕ ਦੱਸਿਆ। ਇਸ ਮੌਕੇ ਰਾਹੁਲ ਗਾਂਧੀ ਨਾਲ ਵਿਜੇਇੰਦਰ ਸਿੰਗਲਾ ਦੀ ਕਾਫੀ ਸਮੇਂ ਗੱਲਾਂ ਹੁੰਦੀਆਂ ਰਹੀਆਂ ਅਤੇ ਫਿਰ ਰਾਹੁਲ ਇਥੋਂ ਰਵਾਨਾ ਹੋ ਗਏ।

ਦੋ ਮੁੱਖ ਮਹਿਕਮਿਆਂ ਦੇ ਮੰਤਰੀ ਵਜੋਂ ਵੀ ਕੰਮਕਾਜ ਵੇਖ ਰਹੇ ਹਨ ਸਿੰਗਲਾ
2017 'ਚ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਕਾਂਗਰਸ ਪਾਰਟੀ ਵੱਲੋਂ ਸੰਗਰੂਰ ਤੋਂ ਵਿਧਾਇਕ ਬਣੇ ਵਿਜੇਇੰਦਰ ਸਿੰਗਲਾ ਨੂੰ ਲੋਕ ਨਿਰਮਾਣ ਮਹਿਕਮੇ ਦਾ ਮੰਤਰੀ ਦਾ ਅਹੁਦਾ ਦੇ ਕੇ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਬਣਾਇਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਸਿੱਖਿਆ ਮਹਿਕਮੇ ਵਰਗਾ ਅਹਿਮ ਮਹਿਕਮਾ 'ਚ ਸਿੰਗਲਾ ਨੂੰ ਮੰਤਰੀ ਬਣਾ ਕੇ ਉਨ੍ਹਾਂ 'ਤੇ ਵੱਡੀ ਜ਼ਿੰਮੇਵਾਰੀ ਪਾਈ ਅਤੇ ਇਨ੍ਹਾਂ ਦੋਵੇਂ ਮਹਿਕਮਿਆਂ ਨੂੰ ਵਿਜੇ ਇੰਦਰ ਸਿੰਗਲਾ ਬਾਖੂਬੀ ਨਿਭਾ ਰਹੇ ਹਨ।

Anuradha

This news is Content Editor Anuradha