ਵਿਜੇ ਸਿੰਗਲਾ ਦੀ ਬਰਖਾਸਤਗੀ ਤੋਂ ਬਾਅਦ ਲੋਕਾਂ ਨੇ ਸ਼ਹਿਰ 'ਚ ਲੱਗੇ ਹੋਰਡਿੰਗਾਂ 'ਤੇ ਮਲ਼ੀ ਕਾਲਖ

05/25/2022 8:23:34 PM

ਮਾਨਸਾ (ਸੰਦੀਪ ਮਿੱਤਲ) : ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨੂੰ ਭਗਵੰਤ ਮਾਨ ਕੈਬਨਿਟ 'ਚੋਂ ਬਰਖਾਸਤ ਕਰਨ ਤੋਂ ਬਾਅਦ ਜਿੱਥੇ ਉਨ੍ਹਾਂ ਦੇ ਸਮਰਥਕਾਂ ਵਿੱਚ ਮਾਯੂਸੀ ਛਾਈ ਹੋਈ ਹੈ, ਉੱਥੇ ਸ਼ਹਿਰ 'ਚ ਲੱਗੇ ਉਨ੍ਹਾਂ ਦੇ ਹੋਰਡਿੰਗ ਵੀ ਗਾਇਬ ਹੋਣ ਲੱਗੇ ਹਨ। ਅੱਜ ਸ਼ਹਿਰ 'ਚ ਲੱਗੇ ਕੁਝ ਫਲੈਕਸਾਂ 'ਤੇ ਲੱਗੀ ਉਨ੍ਹਾਂ ਦੀ ਫੋਟੋ 'ਤੇ ਵੀ ਕਾਲਖ ਮਲ਼ੀ ਗਈ, ਜਿਸ ਨਾਲ ਲੋਕਾਂ ਵਿੱਚ ਸਿੰਗਲਾ ਪ੍ਰਤੀ ਗੁੱਸਾ ਵੀ ਜੱਗ ਜ਼ਾਹਿਰ ਹੋ ਰਿਹਾ ਹੈ। ਜਿਵੇਂ ਸਿੰਗਲਾ ਦੇ ਵੱਡੇ ਅੰਤਰ ਨਾਲ ਜਿੱਤਣ 'ਤੇ ਲੋਕਾਂ ਨੇ ਆਈਸ਼ਰ ਮਗਰ 5911 ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ, ਉੱਥੇ 5911 ਅਤੇ ਆਈਸ਼ਰ ਦਾ ਕੋਈ ਮੁਕਾਬਲਾ ਨਹੀਂ ਵਾਲੀਆਂ ਪੋਸਟਾਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਚੱਲ ਰਹੀਆ ਹਨ ਕਿ ਹੁਣ ਆਈਸ਼ਰ ਬੈਕ ਜਾਂ ਧੂੰਆਂ ਮਾਰ ਗਿਆ ਹੈ। ਪਿੰਡਾਂ ਦੀਆਂ ਸੱਥਾਂ ’ਚ ਵੀ ਸਿੰਗਲਾ ਦੀ ਇਸ ਮਾੜੀ ਹਰਕਤ ਨੂੰ ਲੈ ਕੇ ਲੋਕਾਂ ਨੇ ਉਸ ਖ਼ਿਲਾਫ਼ ਖੂਬ ਗੁੱਸਾ ਕੱਢਿਆ। ਲੋਕਾਂ ਨੇ ਸ਼ਹਿਰ 'ਚ ਲੱਗੇ ਹੋਰਡਿੰਗਾਂ ਅਤੇ ਕੰਧ ਪੋਸਟਰਾਂ 'ਤੇ ਸਿੰਗਲਾ ਦੀਆਂ ਲੱਗੀਆਂ ਤਸਵੀਰਾਂ 'ਤੇ ਕਾਲਖ ਮਲ਼ ਕੇ ਰੋਸ ਪ੍ਰਗਟਾਇਆ। ਉਨ੍ਹਾਂ ਦੀ ਮਾਨਸਾ ਸਥਿਤ ਨਵੀਂ ਰਿਹਾਇਸ਼ 'ਤੇ ਕੋਈ ਸੰਭਾਵੀ ਅਣਸੁਖਾਵੀਂ ਘਟਨਾ ਵਾਪਰ ਤੋਂ ਬਚਾਅ ਲਈ ਵੱਡੀ ਗਿਣਤੀ ’ਚ ਅੱਜ ਵੀ ਪੁਲਸ ਸੁਰੱਖਿਆ ਬਲ ਤਾਇਨਾਤ ਰਹੀ। ਸ਼ਹਿਰ 'ਚ ਇਸ ਹਲਕੇ ਤੋਂ ਮੁੜ ਜ਼ਿਮਨੀ ਚੋਣ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ ਹਨ।

ਇਹ ਵੀ ਪੜ੍ਹੋ : ਅਧਿਆਪਕਾਂ ਤੇ ਬੱਚਿਆਂ ਸਿਰੋਂ ਫਰਜ਼ੀ ਨਤੀਜਿਆਂ ਦਾ ਘਟਾਇਆ ਜਾਵੇਗਾ ਬੋਝ : ਮੀਤ ਹੇਅਰ

ਵਰਣਨਯੋਗ ਹੈ ਕਿ ਡਾ. ਵਿਜੇ ਸਿੰਗਲਾ ਨੂੰ ਬੀਤੇ ਕੱਲ੍ਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੰਤਰੀ ਮੰਡਲ 'ਚੋਂ ਬਰਖਾਸਤ ਕਰਨ ਤੋਂ ਬਾਅਦ ਉਨ੍ਹਾਂ 'ਤੇ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਸ ਨੇ 3 ਦਿਨਾ ਰਿਮਾਂਡ ਹਾਸਲ ਕਰ ਲਿਆ ਸੀ। ਦੂਜੇ ਪਾਸੇ ਡਾ. ਸਿੰਗਲਾ ਦੀ ਬਰਖਾਸਤਗੀ ਤੋਂ ਬਾਅਦ ਭਾਵੇਂ ਸਿਹਤ ਵਿਭਾਗ ਮੁੱਖ ਮੰਤਰੀ ਦੇ ਕੋਲ ਚਲਾ ਗਿਆ ਹੈ ਪਰ ਦੂਜੇ ਪਾਸੇ ਸੂਬੇ ਦੇ ਨਵੇਂ ਸਿਹਤ ਮੰਤਰੀ ਨੂੰ ਲੈ ਕੇ ਕਿਆਸਅਰਾਈਆਂ ਤੇਜ਼ ਹੋ ਗਈਆਂ ਹਨ। ਸੂਬੇ ਦੇ ਲੋਕ ਵਿਧਾਇਕ ਅਮਨ ਅਰੋੜਾ ਨੂੰ ਨਵੇਂ ਸਿਹਤ ਮੰਤਰੀ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮਾਨ ਮੰਤਰੀ ਮੰਡਲ ਵਿੱਚ ਮਾਨਸਾ ਜ਼ਿਲ੍ਹੇ ਨੂੰ ਨੁਮਾਇੰਦਗੀ ਦੇਣ ਲਈ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਮਾਨਸਾ ਦੇ ਵਿਕਾਸ ਲਈ ਪਹਿਲਕਦਮੀ ਕੀਤੀ ਜਾਵੇ।

ਇਹ ਵੀ ਪੜ੍ਹੋ : ਬਿਨਾਂ ਨਿਸ਼ਾਨਦੇਹੀ ਰੇਤ ਖੱਡ ਲਈ ਰਾਹ ਬਣਾਉਣ ਦੇ ਕੰਮ ਨੂੰ ਕਿਸਾਨ ਜਥੇਬੰਦੀ ਨੇ ਰੁਕਵਾਇਆ

ਦੂਜੇ ਪਾਸੇ ਡਾ. ਸਿੰਗਲਾ ਦੀ ਬਰਖਾਸਤਗੀ 'ਤੇ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਉਹ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਕੇ ਆਪਣੀ ਖੁਸ਼ੀ ਪ੍ਰਗਟ ਕਰ ਰਹੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਘਵੀਰ ਸਿੰਘ ਮਾਨਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਹਿਲਾਂ ਅਜਿਹਾ ਸਟਿੰਗ ਆਪ੍ਰੇਸ਼ਨ ਕਰਕੇ 'ਆਪ' ਦੇ ਸਾਬਕਾ ਸੀਨੀਅਰ ਆਗੂ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ ਪਰ ਉਸ ਨੂੰ ਅਜੇ ਤੱਕ ਜਨਤਕ ਨਹੀਂ ਕੀਤਾ ਗਿਆ, ਜਿਸ ਨੂੰ ਲੈ ਕੇ ਲੋਕਾਂ ’ਚ ਸਸਪੈਂਸ ਪੈਦਾ ਹੋ ਗਿਆ ਸੀ ਪਰ ਹੁਣ ਸਿਹਤ ਮੰਤਰੀ ਸਿੰਗਲਾ ਦੇ ਇਸ ਸਬੰਧੀ ਸਟਿੰਗ ਆਪ੍ਰੇਸ਼ਨ ਨੂੰ ਜਨਤਕ ਕਰਕੇ ਅਸਲੀਅਤ ਨੂੰ ਲੋਕਾਂ ਦੀ ਕਚਿਹਰੀ ’ਚ ਲਿਆਂਦਾ ਜਾਵੇ।

ਇਹ ਵੀ ਪੜ੍ਹੋ : ਵੱਡੀ ਖ਼ਬਰ- ਪੰਜਾਬ ਪੁਲਸ ਅਕੈਡਮੀ ਦਾ ਡਰੱਗ ਰੈਕੇਟ: ਸੱਤੇ ਪੁਲਸ ਮੁਲਾਜ਼ਮ ਰਿਮਾਂਡ ਖਤਮ ਹੋਣ ’ਤੇ ਭੇਜੇ ਜੇਲ੍ਹ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Mukesh

This news is Content Editor Mukesh