ਸਿੰਗਲਾ ਵੱਲੋਂ ਪੰਜਾਬ ਦੇ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦੇਣ ਲਈ ਕੇਂਦਰੀ ਮੰਤਰੀ ਨੂੰ ਅਪੀਲ

04/28/2020 10:48:06 PM

ਚੰਡੀਗੜ੍ਹ, (ਰਮਨਜੀਤ)- ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਸੂਬੇ ਦੇ ਮੁੱਖ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪ੍ਰਵਾਨਗੀ ਦੇਣ ਲਈ ਕੇਂਦਰੀ ਸੜਕੀ ਟਰਾਂਸਪੋਰਟ ਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੂੰ ਅਪੀਲ ਕੀਤੀ ਹੈ। ਇਨ੍ਹਾਂ ਪ੍ਰਾਜੈਕਟਾਂ 'ਚ ਕੋਵਿਡ 19 ਦੇ ਕਾਰਨ ਦੇਰੀ ਹੋ ਗਈ ਹੈ। ਦੇਸ਼ ਭਰ ਦੇ ਵੱਖ-ਵੱਖ ਹਾਈਵੇਅ ਅਤੇ ਸੜਕੀ ਮੁੱਦਿਆਂ ਦਾ ਜਾਇਜ਼ਾ ਲੈਣ ਲਈ ਗਡਕਰੀ ਵਲੋਂ ਮੰਗਲਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਲਏ ਗਏ ਜਾਇਜ਼ੇ ਦੌਰਾਨ ਸਿੰਗਲਾ ਨੇ ਇਹ ਮੁੱਦਾ ਉਠਾਇਆ। ਉਨ੍ਹਾਂ 255 ਕਰੋੜ ਰੁਪਏ ਦੀ ਅੰਦਾਜ਼ਨ ਰਾਸ਼ੀ ਦੇ ਨੈਸ਼ਨਲ ਹਾਈਵੇਅ ਨੂੰ ਪ੍ਰਵਾਨਗੀ ਦੇਣ ਦੀ ਅਪੀਲ ਕੀਤੀ ਜੋ ਕਿ ਕੋਵਿਡ 19 ਦੇ ਕਾਰਨ ਹੋਈ ਲਾਕਡਾਊਨ ਦੇ ਕਾਰਨ ਪ੍ਰਵਾਨ ਨਹੀਂ ਕੀਤੇ ਗਏ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਸੜਕਾਂ ਦਾ ਪੱਧਰ ਉੱਚਾ ਚੁੱਕਣ ਲਈ ਸੀ. ਆਰ. ਆਈ. ਐੱਫ. ਸਕੀਮ ਦੇ ਹੇਠ 83.14 ਕਰੋੜ ਰੁਪਏ ਦੀ ਰਾਸ਼ੀ ਦੇ ਪ੍ਰਸਤਾਵ ਵੀ ਮਾਰਚ 2020 'ਚ ਪੇਸ਼ ਕੀਤੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਇਹ ਪ੍ਰਸਤਾਵ ਪ੍ਰਵਾਨ ਕਰਨ ਤੋਂ ਬਾਅਦ ਇਕ ਦਮ ਹੀ ਵਿਕਾਸ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ।

ਪੀ. ਡਬਲਯੂ. ਡੀ. ਮੰਤਰੀ ਨੇ ਮਾਨਸਾ ਦੇ ਕਸਬੇ ਬਰੇਟਾ ਵਿਖੇ ਫਲਾਈ ਓਵਰ ਬਣਾਉਣ ਅਤੇ ਮੂਣਕ-ਜਾਖਲ-ਬੁਢਲਾਡਾ-ਭੀਖੀ ਨੈਸ਼ਨਲ ਹਾਈਵੇਅ (ਐਨ ਐਚ-148ਬੀ) ਦੇ ਮੁੱਦੇ ਵੀ ਮੀਟਿੰਗ ਦੌਰਨ ਉਠਾਏ। ਉਨ੍ਹਾਂ ਕਿਹਾ ਕਿ ਇਸ ਫਲਾਈ ਓਵਰ ਦੇ ਨਿਰਮਾਣ ਦੇ ਵਾਸਤੇ ਸੂਬੇ ਦੇ ਲੋਕ ਨਿਰਮਾਣ ਵਿਭਾਗ ਵਲੋਂ ਅਨੁਮਾਨਾਂ 'ਚ ਪਰਿਵਰਤਨ ਦੇ ਵਾਸਤੇ ਪ੍ਰਵਾਨਗੀ ਵੀ ਮੰਗੀ ਹੈ। ਸਿੰਗਲਾ ਨੇ ਦਿੱਲੀ-ਲੁਧਿਆਣਾ-ਕਟੜਾ ਐਕਸਪ੍ਰੈਸ ਵੇਅ ਪ੍ਰਾਜੈਕਟ ਨੂੰ ਤੇਜ਼ੀ ਨਾਲ ਚਲਾਉਣ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ ਕਿਉਂਕਿ ਜ਼ਮੀਨ ਪ੍ਰਾਪਤ ਕਰਨ ਦੇ ਵਾਸਤੇ ਜ਼ਮੀਨ ਪ੍ਰਾਪਤ ਕਰਨ ਵਾਲੀ ਸਮਰੱਥ ਅਥਾਰਟੀ (ਸੀ. ਏ. ਐਲ. ਏ.) ਨਿਯੁਕਤ ਕਰ ਦਿੱਤੀ ਹੈ। ਉਨ੍ਹਾਂ ਇਸ ਪ੍ਰਾਜੈਕਟ ਲਈ ਜਲਦੀ ਤੋਂ ਜਲਦੀ ਜ਼ਮੀਨ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਵਲੋਂ ਕੇਂਦਰ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਕੈਬਨਿਟ ਮੰਤਰੀ ਨੇ ਸੂਬੇ 'ਚ ਲਾਕਡਾਊਨ ਦੀ ਸਥਿਤੀ ਬਾਰੇ ਵੀ ਕੇਂਦਰੀ ਮੰਤਰੀ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ 'ਚ ਲਾਕਡਾਊਨ ਦੇ ਕਾਰਨ ਕੌਮੀ ਮਾਰਗਾਂ 'ਤੇ ਕੋਈ ਵੀ ਟਰੱਕ ਫਸਿਆ ਹੋਇਆ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਟੋਲ ਪਲਾਜ਼ਿਆਂ 'ਤੇ ਟਰੱਕਾਂ ਵਾਲਿਆਂ ਲਈ ਭੋਜਨ ਦੇ ਪੈਕਟ ਵੀ ਯਕੀਨੀ ਬਣਾ ਰਹੀ ਹੈ।

Bharat Thapa

This news is Content Editor Bharat Thapa