ਕੈਲੀਫੋਰਨੀਆ 'ਚ ਪੰਜਾਬਣ ਨੇ ਗੱਡੇ ਜਿੱਤ ਦੇ ਝੰਡੇ

11/20/2018 10:28:09 AM

ਟਾਂਡਾ/ ਕੈਲੀਫੋਰਨੀਆ(ਏਜੰਸੀ)— ਕਹਿੰਦੇ ਨੇ ਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ, ਉੱਥੇ ਹੀ ਆਪਣੀ ਵੱਖਰੀ ਪਛਾਣ ਬਣਾ ਲੈਂਦੇ ਹਨ। ਇਸੇ ਤਰ੍ਹਾਂ ਅਮਰੀਕਾ 'ਚ ਰਹਿ ਰਹੀ ਟਾਂਡੇ ਨਾਲ ਸਬੰਧਤ ਸਿਮਰਨ ਕੌਰ ਨੇ ਵੀ ਆਪਣੀ ਮਿਹਨਤ ਨਾਲ ਪਰਿਵਾਰ ਦਾ ਸਿਰ ਉੱਚਾ ਕੀਤਾ ਹੈ। ਉਸ ਨੇ ਸਕੂਲ ਬੋਰਡ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ। ਸਕੂਲ ਬੋਰਡ ਦੇ ਚੁਣੇ ਗਏ ਮੈਂਬਰਾਂ 'ਚੋਂ ਉਹ ਇਕੱਲੀ ਸਿੱਖ ਪੰਜਾਬਣ ਹੈ।

ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਂਦੇ ਕਸਬੇ ਉੜਮੁੜ ਟਾਂਡਾ ਨਾਲ ਸਬੰਧਤ ਸਿਮਰਨ ਕੌਰ ਨੇ ਕੈਲੀਫੋਰਨੀਆ (ਅਮਰੀਕਾ) ਦੇ ਟਰੇਸੀ ਸਿਟੀ ਸਥਿਤ ਸਕੂਲ ਬੋਰਡ 'ਚ ਜਿੱਤ ਹਾਸਲ ਕੀਤੀ ਹੈ। ਸਿਮਰਨ ਟਾਂਡਾ ਦੇ ਸਾਬਕਾ ਕੌਂਸਲਰ ਮਰਹੂਮ ਚੌਧਰੀ ਹਰਬੰਸ ਸਿੰਘ ਦੇ ਪਰਿਵਾਰ ਨਾਲ ਸਬੰਧਤ ਹੈ। 
ਸਿਮਰਨ ਦੀ ਇਸ ਜਿੱਤ ਨਾਲ ਕੈਲੀਫੋਰਨੀਆ ਵੱਸਦੇ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਸਿਮਰਨ ਕੌਰ ਦੇ ਸਹੁਰਾ ਅਤੇ ਸੱਸ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਅਮਰੀਕਾ ਦੀ ਕਾਊਂਟੀ ਵਿੱਚ ਡਿਪਟੀ ਜ਼ਿਲਾ ਅਟਾਰਨੀ ਹੈ ਤੇ 14 ਸਾਲ ਤੋਂ ਅਮਰੀਕਾ ਰਹਿ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇੱਥੋਂ ਦੇ ਵੋਟਰਾਂ ਨੇ ਦੋ ਲੋਕਲ ਸਕੂਲ ਜ਼ਿਲਾ ਬੋਰਡ ਦੀਆਂ ਚੋਣਾਂ 'ਚ ਨਵੇਂ ਚਿਹਰਿਆਂ ਨੂੰ ਜਿਤਾਇਆ ਹੈ। ਸਿਮਰਨ ਨੇ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰੇਗੀ ਕਿ ਉਹ ਹਰ ਕਿਸੇ ਦੀਆਂ ਉਮੀਦਾਂ 'ਤੇ ਖਰੀ ਉੱਤਰੇ। ਉਨ੍ਹਾਂ ਨੂੰ 4,551ਵੋਟਾਂ ਪ੍ਰਾਪਤ ਹੋਈਆਂ। ਉਨ੍ਹਾਂ ਕਿਹਾ ਕਿ ਉਹ ਬਹੁਤ ਹੈਰਾਨ ਹਨ ਕਿ ਅਮਰੀਕਾ ਵਰਗੇ ਦੇਸ਼ 'ਚ ਵੀ  ਸਿਰਫ 23 ਫੀਸਦੀ ਵਿਦਿਆਰਥੀ ਹੀ ਕਾਲਜ 'ਚ ਪੜ੍ਹਾਈ ਲਈ ਜਾਂਦੇ ਹਨ। ਇਸ ਦਾ ਮਤਲਬ ਹੈ ਕਿ ਐਜੂਕੇਸ਼ਨ 'ਚ ਕਈ ਬਦਲਾਅ ਹੋਣੇ ਜ਼ਰੂਰੀ ਹਨ।