ਜਾਅਲੀ ਦਸਤਾਵੇਜ਼ਾਂ ਦੇ ਆਧਾਰ ਤੇ ਹੁੰਦੇ ਪਾਸਪੋਰਟ ਤਿਆਰ, ਮੇਰੇ ਕੋਲ ਸਾਰੇ ਸਬੂਤ ਮੌਜੂਦ : ਬੈਂਸ

04/26/2018 6:19:21 AM

ਲੁਧਿਆਣਾ(ਪਾਲੀ)-ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਸਰਕਾਰ ਵਲੋਂ ਉਨ੍ਹਾਂ ਖਿਲਾਫ ਇਕ ਸਾਜ਼ਿਸ਼ ਤਹਿਤ ਹੀ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਸਪੋਰਟ ਦਫਤਰ ਦੇ ਅਧਿਕਾਰੀ ਏਜੰਟਾਂ ਨਾਲ ਗੰਢਤੁਪ ਕਰ ਕੇ ਜਾਅਲੀ ਦਸਤਾਵੇਜ਼ਾਂ 'ਤੇ ਪਾਸਪੋਰਟ ਜਾਰੀ ਕਰਦੇ ਹਨ, ਜਿਸ ਦੇ ਸਾਰੇ ਸਬੂਤ ਉਨ੍ਹਾਂ ਕੋਲ ਮੌਜੂਦ ਹਨ।  ਬੈਂਸ ਬੁੱਧਵਾਰ ਸਵੇਰੇ ਆਸਟਰੇਲੀਆ ਦੇ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਬੈਂਸ ਨੇ ਕਿਹਾ ਕਿ ਰੇਤ ਮਾਫੀਆ, ਕੇਬਲ ਮਾਫੀਆ ਅਤੇ ਵੱਖ-ਵੱਖ ਮਹਿਕਮਿਆਂ 'ਚ ਫੈਲੇ ਭ੍ਰਿਸ਼ਟਾਚਾਰ ਖਿਲਾਫ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਇਸ ਲਈ ਸਰਕਾਰ ਚਾਹੇ ਹਜ਼ਾਰਾਂ ਮਾਮਲੇ ਦਰਜ ਕਰ ਦੇਵੇ। ਉਹ ਆਸਟਰੇਲੀਆ ਤੋਂ ਆ ਕੇ ਪਾਸਪੋਰਟ ਅਧਿਕਾਰੀਆਂ ਦੇ ਖਿਲਾਫ ਖੁਦ ਵਿਦੇਸ਼ ਮੰਤਰਾਲੇ ਕੋਲ ਸ਼ਿਕਾਇਤ ਦਰਜ ਕਰਵਾਉਣਗੇ।