ਬੈਂਸ ਨੇ ਕੈਪਟਨ ਦਾ ਚੈਲੰਜ ਕਬੂਲਿਆ, ਦਿੱਤੀ ਖੁੱਲ੍ਹੀ ਚੁਣੌਤੀ

09/09/2019 6:46:16 PM

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਚੈਲੰਜ ਸਵਿਕਾਰਦਿਆਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਚੁਣੌਤੀ ਦਿੱਤੀ ਹੈ। ਲੁਧਿਆਣਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੀ ਧਮਕੀ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਪੁਲਸ ਉਨ੍ਹਾਂ ਨੂੰ ਜਦੋਂ ਮਰਜ਼ੀ ਆ ਕੇ ਗ੍ਰਿਫਤਾਰ ਕਰ ਸਕਦੀ ਹੈ, ਉਹ ਭੱਜਣ ਵਾਲਿਆਂ 'ਚੋਂ ਨਹੀਂ ਹਨ। ਉਨ੍ਹਾਂ ਨੂੰ ਮੰਦਰ ਗੁਰਦੁਆਰਿਆਂ ਤੋਂ ਵੱਧ ਕਾਨੂੰਨੀ ਅਤੇ ਅਦਾਲਤ 'ਤੇ ਭਰੋਸਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਅੱਜ ਆਪ ਆਖਿਆ ਹੈ ਕਿ ਮੈਂ ਬੈਂਸ 'ਤੇ ਮਾਮਲਾ ਦਰਜ ਕਰਵਾਇਆ ਹੈ, ਇਸ ਤੋਂ ਸਾਫ ਹੁੰਦਾ ਹੈ ਕਿ ਕੈਪਟਨ ਲੋਕਾਂ ਦੀ ਆਵਾਜ਼ ਦਬਾਉਣਾ ਚਾਹੁੰਦੇ ਹਨ ਪਰ ਉਹ ਅਜਿਹੀਆਂ ਗਿੱਦੜ ਭੱਬਕੀਆਂ ਤੋਂ ਡਰਨ ਵਾਲੇ ਨਹੀਂ ਹਨ। ਬੈਂਸ ਨੇ ਕਿਹਾ ਕਿ ਉਹ ਤਾਂ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਵਰਗੇ ਜ਼ਕਰੀਆ ਖਾਨ ਨਾਲ ਨਜਿੱਠ ਚੁੱਕੇ ਹਨ ਫਿਰ ਕੈਪਟਨ ਤੋਂ ਕਿਵੇਂ ਡਰ ਜਾਣਗੇ। 

ਡੀ. ਸੀ. ਵਿਵਾਦ 'ਤੇ ਬੋਲਦਿਆਂ ਬੈਂਸ ਨੇ ਆਖਿਆ ਕਿ ਡੀ. ਸੀ. ਨੇ ਇਕ ਪੀੜਤ ਜੋ ਆਪਣੇ ਪਰਿਵਾਰ ਦੇ ਮ੍ਰਿਤਕ ਮੈਂਬਰ ਦੀ ਲਾਸ਼ ਮੰਗ ਰਿਹਾ ਸੀ, ਨੂੰ ਜਲੀਲ ਕਰਕੇ ਦਫਤਰ 'ਚੋਂ ਬਾਹਰ ਕੱਢਿਆ, ਜਿਸ ਤੋਂ ਬਾਅਦ ਇਹ ਮਾਮਲਾ ਵਧਿਆ ਜਦਕਿ ਮੈਂ ਡੀ. ਸੀ. ਨੂੰ ਕੋਈ ਗਾਲ ਨਹੀਂ ਕੱਢੀ। ਮੁੱਖ ਮੰਤਰੀ ਨੇ ਸਿਆਸੀ ਕਿੜ ਕੱਢਣ ਲਈ ਮੇਰੇ 'ਤੇ ਝੂਠਾ ਮਾਮਲਾ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਬਟਾਲਾ ਪਟਾਕਾ ਫੈਕਟਰੀ ਦੇ ਪੀੜਤਾਂ ਨੂੰ ਦਿੱਤਾ ਗਿਆ ਦੋ-ਦੋ ਲੱਖ ਦਾ ਮੁਆਵਜ਼ਾ ਕਾਫੀ ਨਹੀਂ ਹੈ, ਪੀੜਤਾਂ ਨੂੰ 50-50 ਲੱਖ ਰੁਪਏ ਦੀ ਮਾਲੀ ਮਦਦ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸਿੱਟੀ ਸੈਂਟਰ ਸਕੈਮ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਬਾਦਲਾਂ ਨਾਲ ਸੰਧੀ ਹੋਈ ਹੈ ਪਰ ਉਹ ਇਸ ਮਾਮਲੇ 'ਚ ਚੁੱਪ ਨਹੀਂ ਬੈਠਣਗੇ। 

ਬੈਂਸ ਨੇ ਆਖਿਆ ਕਿ ਜਦੋਂ ਕਿਸੇ ਰਿਸ਼ਵਤ ਖੋਰ ਨੂੰ ਲੋਕਾਂ ਦੀ ਹਜ਼ੂਰੀ ਵਿਚ ਫੜਿਆ ਜਾਂਦਾ ਹੈ ਤਾਂ ਮਾਮਲਾ ਉਸ 'ਤੇ ਨਹੀਂ ਸਗੋਂ ਬੈਂਸ 'ਤੇ ਦਰਜ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭ੍ਰਿਸ਼ਟਾਚਾਰ ਸਭ ਹੱਦਾਂ ਟੱਪ ਚੁੱਕਾ ਹੈ। ਗ੍ਰਿਫਤਾਰ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਪੁਲਸ ਗ੍ਰਿਫਤਾਰ ਕਰਨ ਆਉਂਦੀ ਹੈ ਤਾਂ ਲੋਕ ਸ਼ਾਂਤੀ ਬਣਾਈ ਰੱਖਣ, 100 ਦਿਨ ਚੋਰ ਦਾ ਅਤੇ ਇਕ ਦਿਨ ਸਾਧ ਦਾ ਜ਼ਰੂਰ ਆਵੇਗਾ।

Gurminder Singh

This news is Content Editor Gurminder Singh