ਪੰਜਾਬ ''ਚ ਐੱਸ. ਵਾਈ. ਐੱਲ. ਨਹਿਰ ਬਣੀ ਤਾਂ ਰੋਕਣ ਲਈ ਜਾਨ ਦੀ ਪ੍ਰਵਾਹ ਨਹੀਂ ਕਰਾਂਗੇ : ਬੈਂਸ

07/14/2017 5:10:58 AM

ਲੁਧਿਆਣਾ(ਪਾਲੀ)-ਮਾਣਯੋਗ ਅਦਾਲਤ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਐੱਸ. ਵਾਈ. ਐੱਲ. ਮਾਮਲੇ 'ਤੇ 2 ਮਹੀਨਿਆਂ ਦੇ ਅੰਦਰ ਨਹਿਰ ਬਣਾਉਣ ਦੇ ਦਿੱਤੇ ਗਏ ਹੁਕਮਾਂ ਬਾਰੇ ਬੋਲਦਿਆਂ ਹਲਕਾ ਆਤਮ ਨਗਰ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਸਭ ਤੋਂ ਪਹਿਲਾਂ ਬੈਂਸ ਭਰਾ ਇਸ ਦਾ ਵਿਰੋਧ ਕਰਨਗੇ। ਵਿਧਾਇਕ ਬੈਂਸ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਸਰਕਾਰ ਨੂੰ ਹਦਾਇਤ ਦਿੱਤੀ ਗਈ ਹੈ ਕਿ ਕੋਈ ਵੀ ਐੱਸ. ਵਾਈ. ਐੱਲ. ਮੁੱਦੇ 'ਤੇ ਅੰਦੋਲਨ ਜਾਂ ਪ੍ਰਦਰਸ਼ਨ ਨਹੀਂ ਕਰੇਗਾ ਪਰ ਬੈਂਸ ਭਰਾ ਸਭ ਤੋਂ ਅੱਗੇ ਲੱਗ ਕੇ ਇਸ ਨੂੰ ਰੋਕਣ ਲਈ ਆਪਣੀਆਂ ਜਾਨਾਂ ਦੀ ਪ੍ਰਵਾਹ ਵੀ ਨਹੀਂ ਕਰਨਗੇ, ਚਾਹੇ ਇਸ ਲਈ ਉਨ੍ਹਾਂ ਨੂੰ ਜੇਲਾਂ ਵੀ ਕਿਉਂ ਨਾ ਭਰਨੀਆਂ ਪੈਣ। ਪੰਜਾਬ ਦਾ ਇਕ ਬੂੰਦ ਵੀ ਪਾਣੀ ਕਿਸੇ ਹੋਰ ਸਟੇਟ ਨੂੰ ਨਹੀਂ ਦਿੱਤਾ ਜਾਵੇਗਾ। ਬੈਂਸ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਵੀ ਉਨ੍ਹਾਂ ਵਿਧਾਨ ਸਭਾ ਸੈਸ਼ਨ ਵਿਚ ਗੈਰ-ਸਰਕਾਰੀ ਬਿੱਲ ਪੇਸ਼ ਕਰਨ ਦੀ ਪ੍ਰਵਾਨਗੀ ਮੰਗੀ ਸੀ ਪਰ ਅਕਾਲੀ ਸਰਕਾਰ ਨੇ ਸਾਰਾ ਲਾਭ ਬੈਂਸ ਭਰਾਵਾਂ ਨੂੰ ਨਾ ਮਿਲ ਜਾਵੇ, ਸਾਡੇ ਨਾਲ ਵਿਧਾਨ ਸਭਾ ਸੈਸ਼ਨ ਵਿਚ ਧੱਕੇਸ਼ਾਹੀ ਕਰ ਕੇ ਸੈਸ਼ਨ ਦੌਰਾਨ ਸਸਪੈਂਡ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਵਾਗਤ ਕੀਤਾ ਹੈ, ਜਦਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਫੈਸਲੇ 'ਤੇ ਬੋਲਣ ਦੀ ਬਜਾਏ ਖਾਮੋਸ਼ ਹਨ।
ਉਨ੍ਹਾਂ ਕਿਹਾ ਕਿ ਜਦੋਂ ਵੀ ਚੋਣਾਂ ਦਾ ਮੁੱਦਾ ਹੁੰਦਾ ਹੈ ਸਭ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਆਪ ਨੂੰ ਪੰਜਾਬ ਦੇ ਪਾਣੀ ਦਾ ਰਖਵਾਲਾ ਸਾਬਿਤ ਕਰਨ ਲਈ ਵੱਡੇ-ਵੱਡੇ ਸਾਈਨ ਬੋਰਡ ਲਾਉਂਦੇ ਹਨ ਤੇ ਪੰਜਾਬ ਵਾਸੀਆਂ ਨੂੰ ਦੁਹਾਈ ਦਿੰਦੇ ਹਨ ਕਿ ਉਹ ਪੰਜਾਬ ਦੇ ਪਾਣੀ ਦੇ ਰਖਵਾਲੇ ਹਨ ਪਰ ਅੱਜ ਸੁਪਰੀਮ ਕੋਰਟ ਦੇ ਫੈਸਲੇ 'ਤੇ ਚੁੱਪੀ ਧਾਰੀ ਬੈਠੇ ਹਨ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਜੋ ਕਿ ਆਪਣੇ ਆਪ ਨੂੰ ਪਾਣੀ ਦਾ ਰਖਵਾਲਾ ਦੱਸ ਕੇ ਪੰਜਾਬ ਵਾਸੀਆਂ ਦੀਆਂ ਅੱਖਾਂ ਵਿਚ ਘੱਟਾ ਪਾ ਰਹੇ ਹਨ, ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰ ਕੇ ਸਾਬਿਤ ਕਰ ਦਿੱਤਾ ਹੈ ਕਿ ਪਾਣੀ ਦਾ ਰਖਵਾਲਾ ਦੱਸਣ ਵਾਲੇ ਕੇਵਲ ਚੋਣਾਂ ਦੌਰਾਨ ਉਹ ਐੱਸ. ਵਾਈ. ਐੱਲ. ਮੁੱਦੇ 'ਤੇ ਸਿਆਸੀ ਰੋਟੀਆਂ ਸੇਕਦੇ ਰਹੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਐੱਸ. ਵਾਈ. ਐੱਲ. ਮੁੱਦੇ 'ਤੇ ਇਕ ਐਮਰਜੈਂਸੀ ਵਿਧਾਨ ਸਭਾ ਸੈਸ਼ਨ ਬੁਲਾਵੇ, ਜਿਸ ਵਿਚ ਉਨ੍ਹਾਂ ਵਲੋਂ ਜਾਰੀ ਕੀਤਾ ਗਿਆ ਗੈਰ-ਸਰਕਾਰੀ ਬਿੱਲ ਜਿਸ ਵਿਚ ਐੱਸ. ਵਾਈ. ਐੱਲ. ਮੁੱਦੇ ਨੂੰ ਸੁਲਝਾਉਣ ਲਈ ਨੁਕਤੇ ਦਿੱਤੇ ਗਏ ਹਨ, 'ਤੇ ਧਿਆਨ ਦਿੱਤਾ ਜਾਵੇ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਬੈਂਸ, ਕੌਂਸਲਰ ਗੁਰਪ੍ਰੀਤ ਸਿੰਘ ਖੁਰਾਣਾ, ਪਰਮਿੰਦਰ ਸਿੰਘ ਸੋਮਾ ਕੌਂਸਲਰ, ਰਣਧੀਰ ਸਿੰਘ ਸੀਬੀਆ ਕੌਂਸਲਰ, ਪਵਨਦੀਪ ਸਿੰਘ ਮਦਾਨ, ਸਰਬਜੀਤ ਸਿੰਘ ਜਨਕਪੁਰੀ, ਖਾਲਸਾ ਜੀ ਹਾਜ਼ਰ ਸਨ।