ਸਿਮਰਜੀਤ ਬੈਂਸ ਨੇ ਠੱਗ ਟਰੈਵਲ ਏਜੰਟਾਂ ਖਿਲਾਫ ਖੋਲ੍ਹਿਆ ਮੋਰਚਾ

10/05/2018 1:15:18 PM

ਫਗਵਾੜਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਠੱਗ ਟਰੈਵਲ ਏਜੰਟਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਬੈਂਸ ਨੇ ਕਿਹਾ ਕਿ ਉਹ 'ਲੋਟੂ' ਟਰੈਵਲ ਏਜੰਟਾਂ ਖਿਲਾਫ ਪੰਜਾਬ ਵਿਧਾਨ ਸਭਾ ਵਿਚ ਇਕ ਪ੍ਰਾਈਵੇਟ ਮੈਂਬਰਸ਼ਿਪ ਬਿੱਲ ਪੇਸ਼ ਕਰਨਗੇ। ਬੈਂਸ ਫਗਵਾੜਾ ਵਿਖੇ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਠੱਗ ਟਰੈਵਲ ਏਜੰਟਾਂ ਦਾ ਸ਼ਿਕਾਰ ਹੋਏ ਲਗਭਗ 25 ਨੌਜਵਾਨਾਂ ਨੇ ਬੈਂਸ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਹੱਡ ਬੀਤੀ ਸੁਣਾਈ। 

ਬੰਗਾ ਦੇ ਪੋਸੀ ਪਿੰਡ ਦੇ ਅਮਨਦੀਪ ਸਿੰਘ ਅਤੇ ਗੁਰਦੀਪ ਸਿੰਘ ਸਮੇਤ ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਲੁਧਿਆਣਾ ਦੇ ਇਕ ਏਜੰਟ ਨੇ ਉਨ੍ਹਾਂ ਸਮੇਤ ਲਗਭਗ 75 ਨੌਜਵਾਨਾਂ ਕੋਲੋਂ 40 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਵਸੂਲ ਕੀਤੇ ਸਨ ਅਤੇ ਉਨ੍ਹਾਂ ਨੂੰ ਲਿਬਨਾਨ ਭੇਜਣ ਦਾ ਵਾਅਦਾ ਕੀਤਾ ਸੀ। ਹਰੇਕ ਕੋਲੋਂ ਡੇਢ ਲੱਖ ਰੁਪਏ ਵੀਜ਼ਾ ਲੱਗਣ ਉਪਰੰਤ ਪ੍ਰਾਪਤ ਕਰਨ ਦਾ ਸਮਝੌਤਾ ਵੀ ਹੋਇਆ ਪਰ ਜਦੋਂ ਇਹ ਨੌਜਵਾਨ ਲੁਧਿਆਣਾ ਦੇ ਦੱਸੇ ਪਤੇ 'ਤੇ ਪਹੁੰਚੇ ਤਾਂ ਉਥੇ ਉਪਰੋਕਤ ਏਜੰਟ ਨਹੀਂ ਮਿਲਿਆ। ਬੈਂਸ ਨੇ ਇਨ੍ਹਾਂ ਸਾਰੇ ਨੌਜਵਾਨਾਂ ਨੂੰ 8 ਅਕਤੂਬਰ ਨੂੰ ਲੁਧਿਆਣਾ ਸੱਦਿਆ ਤਾਂ ਕਿ ਠੋਸ ਕਦਮ ਚੁੱਕਿਆ ਜਾ ਸਕੇ। 

ਬੈਂਸ ਨੇ ਪਾਰਟੀ ਵਰਕਰਾਂ ਨੂੰ ਅਕਤੂਬਰ 7 ਦੀ ਰੋਸ ਰੈਲੀ ਲਈ ਪ੍ਰੇਰਤ ਕੀਤਾ। ਉਨ੍ਹਾਂ ਦੱਸਿਆ ਕਿ ਕੋਟਕਪੂਰਾ ਤੋਂ ਬਰਗਾੜੀ ਤੋਂ ਕੱਢੀ ਜਾਣ ਵਾਲੀ ਇਹ ਰੋਸ ਰੈਲੀ ਇਕ ਸਾਂਝੀ ਰੈਲੀ ਹੋਵੇਗੀ। ਇਸ ਸੰਬੰਧੀ ਸਾਰੇ ਧਰਮਾਂ ਦੇ ਆਗੂਆਂ ਨੂੰ ਲਿਖਤੀ ਪੱਤਰ ਭੇਜੇ ਗਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪਾਰਟੀ ਕਾਂਗਰਸ ਵਲੋਂ ਲੰਬੀ ਵਿਚ ਅਤੇ ਅਕਾਲੀਆਂ ਵਲੋਂ ਪਟਿਆਲਾ ਵਿਚ ਇਸੇ ਹੀ ਦਿਨ ਕੀਤੀਆਂ ਜਾਣ ਵਾਲੀਆਂ ਰੈਲੀਆਂ ਇਕ ਦੋਸਤਾਨਾ ਮੈਚ ਹਨ ਜੋ ਇਸ ਲਈ ਖੇਡਿਆ ਜਾ ਰਿਹਾ ਹੈ ਤਾਂ ਕਿ ਲੋਕ ਇਨਸਾਫ ਪਾਰਟੀ ਦੇ ਰੋਸ ਮਾਰਚ ਦੇ ਅਸਰ ਨੂੰ ਘਟਾਇਆ ਜਾ ਸਕੇ।