ਜੇਕਰ ਜਨਤਾ ਨੇ ਦਿੱਤਾ ਮੌਕਾ ਤਾਂ ਨਾਇਕ ਫਿਲਮ ਦੀ ਤਰ੍ਹਾਂ ਚਲਾਵਾਂਗੇ ਸਰਕਾਰ : ਬੈਂਸ

07/19/2019 7:13:40 PM

ਅੰਮ੍ਰਿਤਸਰ: ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨਾਲ ਜੁੜੇ ਸਿਮਰਜੀਤ ਸਿੰਘ ਬੈਂਸ ਅੱਜ ਅੰਮ੍ਰਿਤਸਰ ਪਹੁੰਚੇ, ਜਿਥੇ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਾਣੀ ਬਚਾਉਣ ਲਈ ਸੂਬਾ ਸਰਕਾਰ ਖਿਲਾਫ ਚਲਾਈ ਗਈ ਮੁਹਿੰਮ ਨਾਲ ਲੋਕਾਂ ਨੂੰ ਜੁੜਨ ਦੀ ਗੱਲ ਕੀਤੀ। ਇਸ ਵਿਚਾਲੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ 'ਸਾਡਾ ਪਾਣੀ ਸਾਡਾ ਹੱਕ' ਲਈ ਉਹ ਅੱਜ ਇਥੇ ਆਏ ਹਨ। ਉਹ ਹਰ ਘਰ ਤਕ ਜਾਣਗੇ ਅਤੇ ਨਾਲ ਹੀ ਉਹ ਅੱਜ ਹਰ ਵਿਅਕਤੀ ਨੂੰ ਜਾਗਰੂਕ ਕਰਨ ਆਏ ਹਨ ਕਿ ਪਾਣੀ ਲਈ ਜੋ ਪੈਸੇ ਹਨ, ਉਹ ਲਏ ਜਾਣ। ਉਨ੍ਹਾਂ ਕਿਹਾ ਕਿ ਇਸ ਦੇ ਲਈ ਉਹ ਪੰਜਾਬ ਵਿਧਾਨ ਸਭਾ 'ਚ ਆਵਾਜ਼ ਬੁਲੰਦ ਕਰ ਚੁਕੇ ਹਨ ਪਰ 3 ਸਾਲਾਂ ਤੋਂ ਇਸ ਪਾਣੀ ਦੇ ਪੈਸੇ ਨਹੀਂ ਲਏ ਗਏ ਹਨ। ਉਧਰ ਜੋ ਪਾਣੀ ਰਾਜਸਥਾਨ ਨੂੰ ਗਿਆ ਹੈ, ਉਸ ਨੂੰ ਰੋਕਿਆ ਜਾਵੇ। ਇਸ ਨੂੰ ਪਲਟ ਕੇ ਇਹ ਪਾਣੀ ਕਿਸਾਨਾਂ ਨੂੰ ਦਿੱਤਾ ਜਾਵੇ, ਜਿਸ ਨਾਲ ਕਿਸਾਨਾਂ ਦੀ ਪਾਣੀ ਦੀ ਸਮੱਸਿਆ ਹੱਲ ਹੋ ਜਾਵੇਗੀ, ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਨਤਾ ਦਾ ਭਰਪੂਰ ਸਹਾਰਾ ਮਿਲ ਰਿਹਾ ਹੈ। ਉਥੇ ਹੀ ਇਸ ਵਿਚਾਲੇ ਸਿਮਰਜੀਤ ਸਿੰਘ ਬੈਂਸ ਨੂੰ ਫਿਲਮੀ ਬੁਖਾਰ ਚੜ ਗਿਆ ਅਤੇ ਉਨ੍ਹਾਂ ਕਿਹਾ ਕਿ ਜੇਕਰ ਜਨਤਾ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਤਾਂ ਉਹ ਨਾਇਕ ਫਿਲਮ ਦੀ ਤਰ੍ਹਾਂ ਸਰਕਾਰ ਚਲਾਉਣਗੇ। ਜਿਵੇਂ ਉਸ ਫਿਲਮ 'ਚ ਅਨਿਲ ਕਪੂਰ ਨੇ ਭ੍ਰਿਸ਼ਟਾਚਾਰ ਖਿਲਾਫ ਕੰਮ ਕੀਤਾ ਸੀ, ਅਜਿਹਾ ਹੀ ਕੰਮ ਉਹ ਕਰਨਗੇ। ਇਸ ਅੰਦਾਜ਼ 'ਚ ਉਹ ਕੰਮ ਕਰਨਗੇ ਤੇ ਨਾਇਕ ਫਿਲਮ ਦੀ ਤਰ੍ਹਾਂ ਸਰਕਾਰ ਚਲਾ ਕੇ ਦਿਖਾਉਣਗੇ।

ਉਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ 'ਚ 2 ਅਸਤੀਫੇ ਆਏ, ਜਿਸ 'ਚ ਕਿ ਨਵਜੋਤ ਸਿੰਘ ਸਿੱਧੂ ਤੇ ਰਾਣਾ ਗੁਰਜੀਤ ਦਾ ਹੈ। ਰਾਣਾ ਗੁਰਜੀਤ ਨੇ ਚੋਰੀ ਦੇ ਕਾਰਨ ਅਸਤੀਫਾ ਦਿੱਤਾ ਸੀ। ਬੈਂਸ ਨੇ ਕਿਹਾ ਕਿ ਸਿੱਧੂ ਉਨ੍ਹਾਂ ਦੀ ਪਾਰਟੀ 'ਚ ਆਉਣ ਅਤੇ ਉਹ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਗੇ। ਸਿੱਧੂ ਇਕ ਚੰਗੇ ਇਨਸਾਨ ਹਨ ਤੇ ਪਾਰਟੀ ਉਨ੍ਹਾਂ ਨੂੰ ਲੈਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸਿੱਧੂ ਅੱਜ ਜਲੀਲ ਹੋ ਰਹੇ ਹਨ ਤੇ ਸਿੱਧੂ ਨੂੰ ਜਲਦ ਕਾਂਗਰਸ ਛੱਡ ਦੇਣੀ ਚਾਹੀਦੀ ਹੈ। ਸਿੱਧੂ 'ਤੇ ਨਜਾਇਜ਼ ਇਲਜ਼ਾਮ ਲੱਗ ਰਹੇ ਹਨ ਅਤੇ ਉਨ੍ਹਾਂ ਨੂੰ ਕਾਂਗਰਸ ਨੂੰ ਛੱਡ ਦੇਣਾ ਚਾਹੀਦਾ ਹੈ। ਬੈਂਸ ਨੇ ਕਿਹਾ ਕਿ ਸਿੱਧੂ ਨੇ ਜੋ ਬਾਦਲ ਤੇ ਕਾਂਗਰਸ ਦੇ ਮਿਲੇ ਹੋਣ ਦੀ ਗੱਲ ਕਹੀ ਸੀ, ਉਹ ਬਿਲਕੁਲ ਸਹੀ ਹੈ। ਬੈਂਸ ਨੇ ਕਿਹਾ ਕਿ ਉਹ ਸਿੱਧੂ ਨੂੰ ਇਸ ਲਈ ਪਸੰਦ ਕਰਦੇ ਹਨ ਕਿਉਂਕਿ ਉਹ ਇਮਾਨਦਾਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਆਮ ਆਦਮੀ ਪਾਰਟੀ 'ਚ ਬਿਲਕੁਲ ਨਹੀਂ ਜਾਣਗੇ ਕਿਉਂਕਿ ਆਮ ਆਦਮੀ ਪਾਰਟੀ ਹੁਣ ਪੰਜਾਬ 'ਚ ਖਤਮ ਹੋ ਗਈ ਹੈ।