ਭਗਵੰਤ ਮਾਨ ਖਿਲਾਫ ਚੋਣ ਮੈਦਾਨ ''ਚ ਉਤਰਨਗੇ ਸਿਮਰਨਜੀਤ ਸਿੰਘ ਮਾਨ

11/04/2018 2:47:28 PM

ਸੰਗਰੂਰ— ਇਸ ਵਾਰ ਲੋਕ ਸਭਾ ਚੋਣਾਂ 'ਚ ਸੰਗਰੂਰ ਹਲਕਾ ਕਾਫੀ ਸੁਰਖੀਆਂ 'ਚ ਰਹਿਣ ਵਾਲਾ ਹੈ। ਆਮ ਆਦਮੀ ਪਾਰਟੀ 'ਚ ਮਚੇ ਘਮਾਸਾਨ ਨੂੰ ਲੈ ਕੇ ਭਗਵੰਤ ਮਾਨ ਪਹਿਲਾਂ ਹੀ ਸੁਰਖੀਆਂ 'ਚ ਹਨ। ਹੁਣ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਸੰਗਰੂਰ ਤੋਂ ਸੰਸਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪਾਰਟੀ ਅਤੇ ਸੰਗਰੂਰ ਪਾਰਲੀਮੈਂਟ ਹਲਕੇ ਦੇ ਆਗੂਆਂ ਦਾ ਹੁਕਮ ਮੰਨਦਿਆਂ ਉਨ੍ਹਾਂ ਨੇ ਸੰਗਰੂਰ ਹਲਕੇ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ।

ਸਿਮਰਨਜੀਤ ਸਿੰਘ ਮਾਨ ਨੇ ਮੋਦੀ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੂੰ ਪੂਰੀ ਤਰ੍ਹਾਂ ਹਿੰਦੂਤਵ ਰੰਗ 'ਚ ਰੰਗ ਕੇ ਕੇਂਦਰੀ ਹਕੂਮਤ ਅਤੇ ਪੰਜਾਬ ਸਰਕਾਰ ਸੂਬੇ ਦੇ ਸੱਭਿਆਚਾਰ, ਸਿੱਖ ਧਾਰਮਿਕ ਪ੍ਰੰਪਰਾਵਾਂ ਬੋਲੀ ਲਿਪੀ ਅਤੇ ਸਿੱਖ ਇਤਿਹਾਸ ਨੂੰ ਮਲੀਆਮੇਟ ਕਰ ਰਹੀਆਂ ਹਨ।ਉਨ੍ਹਾਂ ਕਿਹਾ ਕਿ ਜਦੋਂ ਮਾਨਸਰੋਵਰ ਲਈ ਚੀਨ ਤੋਂ ਰਸਤਾ ਲਿਆ ਜਾ ਸਕਦਾ ਹੈ ਤਾਂ ਕਰਤਾਰਪੁਰ ਲਈ ਤਿੰਨ ਕਿਲੋਮੀਟਰ ਦਾ ਟੋਟਾ ਕਿਉਂ ਨਹੀਂ ਲਿਆ ਜਾ ਸਕਦਾ।ਇਥੋਂ ਪਤਾ ਚਲਦਾ ਹੈ ਕਿ ਦੇਸ਼ 'ਚ ਹਿੰਦੂਤਵ ਸੋਚ ਭਾਰੂ ਹੈ ਪਰ ਅਕਾਲੀ ਦਲ (ਅੰਮ੍ਰਿਤਸਰ) ਅਜਿਹੀਆਂ ਨੀਤੀਆਂ ਨੂੰ ਬਰਦਾਸ਼ਤ ਨਹੀਂ ਕਰੇਗਾ।
ਜ਼ਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਭਗਵੰਤ ਮਾਨ ਨੇ ਇਸ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਿੱਗਜ ਸੁਖਦੇਵ ਸਿੰਘ ਢੀਂਡਸਾ ਨੂੰ 2 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਸੀ। ਉੱਥੇ ਹੀ 2019 'ਚ ਹੋਣ ਵਾਲੀਆਂ ਲੋਕਾਂ ਸਭਾ ਚੋਣਾਂ 'ਚ ਵੀ ਭਗਵੰਤ ਮਾਨ ਸੰਗਰੂਰ ਤੋਂ ਹੀ ਚੋਣ ਲੜਨਗੇ। ਹਾਲ ਹੀ 'ਚ ਆਮ ਆਦਮੀ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ 5 ਸੀਟਾਂ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਅਜੇ ਤਕ ਇਸ ਸੀਟ 'ਤੇ ਆਪਣੇ ਉਮੀਦਵਾਰਾਂ ਦੇ ਨਾਮ ਦੇ ਪੱਤੇ ਨਹੀਂ ਖੋਲ੍ਹੇ ਗਏ ਹਨ।