''ਵੇਰਕਾ ਮਿਲਕ ਪਲਾਂਟ'' ਦੇ ਕਿੰਗਪਿਨ ''ਤੇ ਬੈਂਸ ਦਾ ਵੱਡਾ ਖੁਲਾਸਾ, ਹੱਕ ''ਚ ਉਤਰੇ ਖਹਿਰਾ

06/15/2018 3:43:53 PM

ਚੰਡੀਗੜ੍ਹ : ਲੋਕ ਇਨਸਾਫ ਪਾਰਟੀ ਦੇ ਨੇਤਾ ਸਿਮਰਜੀਤ ਸਿੰਘ ਬੈਂਸ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਵੇਰਕਾ ਮਿਲਕ ਪਲਾਂਟ 'ਚ ਹੋਏ ਘਪਲੇਬਾਜ਼ੀ ਦੇ ਕਿੰਗਪਿਨ 'ਤੇ ਵੱਡਾ ਖੁਲਾਸਾ ਕੀਤਾ ਹੈ। ਸਿਮਰਜੀਤ ਬੈਂਸ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ ਕਿਸਾਨਾਂ ਅਤੇ ਲੋਕਾਂ ਨਾਲ ਰੋਜ਼ਾਨਾ 55 ਤੋਂ 60 ਲੱਖ ਦੀ ਠਗੀ ਮਾਰ ਰਿਹਾ ਹੈ, ਜਦੋਂ ਕਿ ਸਲਾਨਾ 200 ਕਰੋੜ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ।
ਉਨ੍ਹਾਂ ਵੇਰਕਾ ਘੋਟਾਲੇ ਦੇ ਕਿੰਗਪਿਨ ਚੰਡੀਗੜ੍ਹ ਦੇ ਮੈਨੇਜਿੰਗ ਡਾਇਰੈਕਟਰ ਆਈ. ਐੱਸ. ਅਫਸਰ ਮਨਜੀਤ ਸਿੰਘ ਬਰਾੜ ਨੂੰ ਠਹਿਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਰਾੜ ਵਲੋਂ ਪੰਜਾਬ ਦੇ ਕਿਸੇ ਬੇਰੋਜ਼ਗਾਰ ਨੌਜਵਾਨ ਨੂੰ ਪਲਾਂਟ 'ਚ ਨੌਕਰੀਆਂ ਨਾ ਦੇ ਕੇ ਬਾਹਰਲੇ ਸੂਬੇ ਤੋਂ ਆਏ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਤਾਂ ਜੋ ਉਨ੍ਹਾਂ ਦੀ ਘਪਲੇਬਾਜ਼ੀ ਜਗ ਜ਼ਾਹਰ ਨਾ ਹੋ ਜਾਵੇ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਨਿਸ਼ਾਨਾ ਵਿੰਨ੍ਹਦਿਆਂ ਬੈਂਸ ਨੇ ਕਿਹਾ ਕਿ ਸਤੰਬਰ, 2017 'ਚ ਮਨਜੀਤ ਸਿੰਘ ਬਰਾੜ ਦੀ ਬਦਲੀ ਕਰ ਦਿੱਤੀ ਗਈ ਸੀ ਪਰ ਅਗਲੀ ਸਵੇਰ ਹੀ ਉਹ ਦੁਬਾਰਾ ਆਪਣੀ ਕੁਰਸੀ 'ਤੇ ਬੈਠ ਗਏ। 
ਇਸ ਮੌਕੇ ਸਿਮਰਜੀਤ ਬੈਂਸ ਨੇ ਕਿਹਾ ਕਿ ਕੈਪਟਨ ਕੋਲ ਉਨ੍ਹਾਂ ਨੂੰ ਮਿਲਣ ਦਾ ਬਿਲਕੁਲ ਸਮਾਂ ਨਹੀਂ ਹੈ ਅਤੇ ਕੈਪਟਨ ਇਹ ਪੁੱਛ ਰਹੇ ਹਨ ਕਿ ਬੈਂਸ ਨੇ ਉਨ੍ਹਾਂ ਨੂੰ ਕਿਉਂ ਮਿਲਣਾ ਹੈ। ਬੈਂਸ ਨੇ ਕਿਹਾ ਕਿ ਹੁਣ ਇਕ ਵਿਧਾਇਕ ਨੂੰ ਵੀ ਮੁੱਖ ਮੰਤਰੀ ਨੂੰ ਮਿਲਣ ਲਈ ਕਾਰਨ ਦੱਸਣਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਘਪਲੇਬਾਜ਼ੀ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਲਿਖਣਗੇ ਹੀ, ਨਾਲ ਹੀ ਇਸ ਸਾਰੇ ਮਾਮਲੇ ਬਾਰੇ ਸੀ. ਬੀ. ਆਈ. ਨੂੰ ਵੀ ਚਿੱਠੀ ਲਿਖ ਕੇ ਜਾਣਕਾਰੀ ਦੇਣਗੇ। ਸਿਮਰਜੀਤ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜਦੋਂ ਮਰਜ਼ੀ ਗ੍ਰਿਫਤਾਰ ਕਰ ਲਓ, ਪਰ ਉਹ ਕਦੇ ਵੀ ਸੱਚ ਦੀ ਆਵਾਜ਼ ਨਹੀਂ ਦਬਾਉਣਗੇ।