ਖਹਿਰਾ ਦੇ ਅਸਤੀਫੇ ''ਤੇ ਜਾਣੋ ਕੀ ਬੋਲੇ ਸਿਮਰਜੀਤ ਸਿੰਘ ਬੈਂਸ

01/06/2019 5:40:50 PM

ਲੁਧਿਆਣਾ (ਨਰਿੰਦਰ)— ਸੁਖਪਾਲ ਖਹਿਰਾ ਵੱਲੋਂ ਆਮ ਆਦਮੀ ਪਾਰਟੀ ਤੋਂ ਦਿੱਤੇ ਗਏ ਅਸਤੀਫੇ ਬਾਰੇ ਬੋਲਦੇ ਹੋਏ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪਹਿਲਾਂ ਐੱਚ. ਐੱਸ. ਫੂਲਕਾ ਅਤੇ ਹੁਣ ਖਹਿਰਾ ਵੱਲੋਂ ਅਸਤੀਫਾ ਦੇਣਾ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ 'ਆਪ' ਪਾਰਟੀ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ 'ਚ ਅਸਫਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਖਹਿਰਾ, ਉਨ੍ਹਾਂ ਦੀ ਲੋਕ ਇਨਸਾਫ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੱਲੋਂ ਮਿਲ ਕੇ ਪੰਜਾਬ ਡੈਮੋਕ੍ਰੇਟਿਕ ਫਰੰਟ ਦਾ ਗਠਨ ਕੀਤਾ ਗਿਆ ਹੈ ਜੋ ਪੰਜਾਬ ਦੇ ਲੋਕਾਂ ਨੂੰ ਨਵਾਂ ਬਦਲ ਦੇਵੇਗੀ। ਹਾਲਾਂਕਿ ਉਨ੍ਹਾਂ ਦੀ ਫੂਲਕਾ ਨਾਲ ਫਰੰਟ 'ਚ ਸ਼ਾਮਲ ਹੋਣ ਬਾਰੇ ਅਜੇ ਕੋਈ ਗੱਲ ਨਹੀਂ ਹੋਈ ਹੈ। 

ਉਥੇ ਹੀ ਓ. ਪੀ. ਸੋਨੀ ਵੱਲੋਂ ਸਰਕਾਰੀ ਸਕੂਲਾਂ ਦੀ ਤੁਲਨਾ ਢਾਬਿਆਂ ਨਾਲ ਕਰਨ 'ਤੇ ਬੈਂਸ ਨੇ ਕਿਹਾ ਕਿ ਓ. ਪੀ. ਸੋਨੀ ਸੱਚ ਬੋਲ ਰਹੇ ਹਨ ਕਿਉਂਕਿ ਪੰਜਾਬ ਦੇ ਸਰਕਾਰੀ ਸਕੂਲ ਬਹੁਤ ਹੀ ਬੁਰੀ ਹਾਲਤ 'ਚ ਹਨ। ਨਿੱਜੀ ਸਕੂਲਾਂ ਵੱਲੋਂ ਮਾਤਾ-ਪਿਤਾ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਰਕਾਰ ਨੂੰ ਮੰਗ ਕੀਤੀ ਕਿ ਇਸ ਵਾਰ ਐਡਮਿਸ਼ਨ ਦੇ ਸਮੇਂ ਉਨ੍ਹਾਂ ਨੂੰ ਵਿਭਾਗ ਦਾ ਚਾਰਜ ਦਿੱਤਾ ਜਾਵੇ ਅਤੇ ਉਹ ਦੇਖਣਗੇ ਕਿ ਕਿਸ ਤਰ੍ਹਾਂ ਨਿੱਜੀ ਸਕੂਲ ਚਾਲਕ ਧੱਕਾ ਕਰਦੇ ਹਨ। 

'ਆਪ' ਦੇ ਨਾਲ ਕਾਂਗਰਸ ਦੇ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ 'ਆਪ' ਰਾਜਨੀਤੀ 'ਚ ਬਦਲਾਅ ਕਰਨ ਦਾ ਨਾਅਰਾ ਦੇ ਕੇ ਆਉਂਦੀ ਸੀ ਪਰ ਪਾਰਟੀ ਆਪਣੇ ਦਾਅਵਿਆਂ ਤੋਂ ਪਲਟ ਚੁੱਕੀ ਹੈ ਅਤੇ ਜਿਸ ਕਾਂਗਰਸ ਖਿਲਾਫ ਉਹ ਪ੍ਰਚਾਰ ਕਰਦੀ ਸੀ, ਉਸੇ ਦੇ ਨਾਲ ਹੀ ਉਹ ਚੋਣ ਲੜ ਰਹੀ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਅਕਾਲੀ ਦਲ (ਬਾਦਲ) ਸੁਰਜੀਤ ਸਿੰਘ ਬਰਨਾਲਾ ਦੀ ਪਾਰਟੀ ਦੀ ਤਰ੍ਹਾਂ ਰਾਜਨੀਤੀ ਤੋਂ ਸਾਫ ਹੋ ਜਾਵੇਗਾ।

shivani attri

This news is Content Editor shivani attri