ਲੁਧਿਆਣਾ ਸਿਟੀ ਸੈਂਟਰ ਘੋਟਾਲੇ ''ਚ ਜ਼ਬਰਦਸਤ ਮੋੜ, ਜਾਣੋ ਕੀ ਬੋਲੇ ਸਿਮਰਜੀਤ ਬੈਂਸ

07/18/2018 1:23:13 PM

ਲੁਧਿਆਣਾ (ਅਭਿਸ਼ੇਕ, ਨਰਿੰਦਰ) : ਲੁਧਿਆਣਾ 'ਚ ਸਿਟੀ ਸਕੈਨ ਘੋਟਾਲੇ 'ਚ ਉਸ ਸਮੇਂ ਜ਼ਬਰਦਸਤ ਮੋੜ ਆ ਗਿਆ, ਜਦੋਂ ਵਿਜੀਲੈਂਸ ਦੇ ਸਾਬਕਾ ਐੱਸ. ਐੱਸ. ਪੀ. ਕੰਵਰਜੀਤ ਸਿੰਘ ਸੰਧੂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮਾਮਲੇ ਦੀ ਕੈਂਸਲੇਸ਼ਨ ਲਈ ਉਨ੍ਹਾਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ, ਇਸ ਲਈ ਉਨ੍ਹਾਂ ਨੂੰ ਸੁਰੱਖਿਆ ਚਾਹੀਦੀ ਹੈ। ਉਨ੍ਹਾਂ ਨੇ ਅਦਾਲਤ 'ਚ ਕਈ ਮੁੱਦਿਆਂ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਹੈ, ਜਿਸ ਦੀ ਅੱਜ ਸੁਣਵਾਈ ਹੋਈ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 26 ਜੁਲਾਈ ਨੂੰ ਪਾਈ ਗਈ ਹੈ। ਦੱਸਣਯੋਗ ਹੈ ਕਿ ਇਸ ਮਾਮਲੇ ਦੀ ਸੁਣਵਾਈ ਲੁਧਿਆਣਾ ਦੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ 'ਚ ਚੱਲ ਰਹੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਕੀਲ ਵਿਜੇ ਮਹਿੰਦਰੂ ਨੇ ਕਿਹਾ ਕਿ ਉਨ੍ਹਾਂ ਨੇ ਕੇਸ ਦਾਇਰ ਕਰ ਦਿੱਤਾ ਹੈ ਅਤੇ ਅੱਜ ਉਸ ਦੀ ਸੁਣਵਾਈ ਸੀ, ਜਿਸ 'ਚ ਕਿਹਾ ਗਿਆ ਹੈ ਕਿ ਅਕਾਲੀ-ਭਾਜਪਾ ਅਤੇ ਕਾਂਗਰਸ 'ਚ ਸਮਝੌਤੇ ਤਹਿਤ ਹੀ ਕੈਂਸਲੇਸ਼ਨ ਦੀ ਗੱਲ ਕਹੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਸਾਬਕਾ ਐੱਸ. ਐੱਸ. ਪੀ. ਵਿਜੀਲੈਂਸ 'ਤੇ ਵੀ ਕਿਸੇ ਵੀ ਧਾਰਾ 'ਚ ਕੇਸ ਦਰਜ ਕਰਾਇਆ ਜਾ ਸਕਦਾ ਹੈ, ਇਸ ਲਈ ਉਹ ਅਦਾਲਤ ਤੋਂ ਸੁਰੱਖਿਆ ਮੰਗ ਰਹੇ ਹਨ।
ਜਾਣੋ ਕੀ ਬੋਲੇ ਸਿਮਰਜੀਤ ਬੈਂਸ
ਇਸ ਮਾਮਲੇ 'ਤੇ ਬੋਲਦਿਆਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਕਿ ਉਹ ਉਕਤ ਅਫਸਰ ਦੀ ਤਾਰੀਫ ਕਰਦੇ ਹਨ ਅਤੇ ਜਿਹੜਾ ਵੀ ਭ੍ਰਿਸ਼ਟਾਚਾਰ ਖਿਲਾਫ ਖੜ੍ਹਾ ਹੋਵੇਗਾ, ਉਸ ਦੀ ਉਨ੍ਹਾਂ ਵਲੋਂ ਪੂਰੀ ਸਪੋਰਟ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਇਸ ਕੇਸ ਨੂੰ ਅੱਗੇ ਤੱਕ ਲਿਜਾਵਾਂਗੇ ਅਤੇ ਦੋਸ਼ੀਆਂ ਖਿਲਾਫ ਪੂਰੀ ਲੜਾਈ ਲੜਾਂਗੇ। ਉਨ੍ਹਾਂ ਨੇ ਕੰਵਰਜੀਤ ਸਿੰਘ ਸੰਧੂ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਅਦਾਲਤ ਅੱਗੇ ਸਾਰੀ ਸੱਚਾਈ ਖੋਲ੍ਹ ਕੇ ਬਹੁਤ ਵਧੀਆ ਕੰਮ ਕੀਤਾ ਹੈ। ਉਨ੍ਹਾਂ ਬਾਕੀ ਅਫਸਰਾਂ ਨੂੰ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਖੁੱਲ੍ਹ ਕੇ ਬੋਲਣ ਅਤੇ ਉਹ ਅਜਿਹੇ ਅਫਸਰਾਂ ਦਾ ਪੂਰਾ ਸਾਥ ਦੇਣਗੇ।