ਹੁਣ ਸਿਕਲੀਗਰ ਸਿੱਖਾਂ ਲਈ ਆਸ ਦੀ ਕਿਰਨ ਬਣ ਸਾਹਮਣੇ ਆਏ ਡਾ. ਓਬਰਾਏ

06/08/2020 12:58:03 PM

ਅੰਮ੍ਰਿਤਸਰ (ਸੰਧੂ) : ਦੁਨੀਆਂ ਦੇ ਕਿਸੇ ਵੀ ਕੋਨੇ 'ਚ ਕੁਦਰਤੀ ਜਾਂ ਗੈਰ ਕੁਦਰਤੀ ਮੁਸੀਬਤ 'ਚ ਫਸਣ ਵਾਲੇ ਲੋਕਾਂ ਦਾ ਦੁੱਖ ਵੰਡਾਉਣ ਲਈ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ.ਸਿੰਘ ਓਬਰਾਏ ਵੱਲੋਂ ਮਾੜੇ ਹਾਲਾਤ 'ਚੋਂ ਗੁਜ਼ਰ ਰਹੇ ਮੱਧ ਪ੍ਰਦੇਸ਼ ਦੇ ਸਿਕਲੀਗਰ ਸਿੱਖਾਂ ਨੂੰ ਜਿੱਥੇ ਰਾਸ਼ਨ ਭੇਜਿਆ ਜਾ ਰਿਹਾ ਹੈ, ਉੱਥੇ ਹੀ ਹੁਣ ਉਨ੍ਹਾਂ ਦੇ ਖਸਤਾਹਾਲ ਘਰਾਂ ਦੀ ਮੁਰੰਮਤ ਵੀ ਕਰਵਾ ਕੇ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਓਬਰਾਏ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਬੁਰਹਾਨਪੁਰ ਦੇ ਇਕ ਪਿੰਡ 'ਚ ਰਹਿਣ ਵਾਲੇ ਸਿਕਲੀਗਰ ਸਿੱਖਾਂ ਦੇ ਇਕ ਆਗੂ ਰਾਹੁਲ ਸਿੰਘ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਦੱਸਿਆ ਸੀ ਕਿ ਉਨ੍ਹਾਂ ਦੇ ਖੇਤਰ ਦੇ ਪਹਿਲਾਂ ਹੀ ਆਰਥਿਕ ਮੰਦਹਾਲੀ 'ਚੋਂ ਗੁਜ਼ਰ ਰਹੇ ਬਹੁਤ ਸਾਰੇ ਸਿਕਲੀਗਰ ਸਿੱਖਾਂ ਦੇ ਪਰਿਵਾਰਾਂ ਨੂੰ ਕੋਰੋਨਾ ਕਾਰਨ ਪੈਦਾ ਹਾਲਾਤ ਨੇ ਝੰਜੋੜ ਕੇ ਰੱਖ ਦਿੱਤਾ ਹੈ, ਇੱਥੋਂ ਤੱਕ ਕਿ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ। ਜਿਸ ਨੂੰ ਵੇਖਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮਈ ਮਹੀਨੇ ਅੰਦਰ ਉੱਥੋਂ ਦੇ 150 ਪਰਿਵਾਰਾਂ ਨੂੰ ਇਕ-ਇਕ ਮਹੀਨੇ ਦਾ ਸੁੱਕਾ ਰਾਸ਼ਨ ਭੇਜਿਆ ਗਿਆ ਸੀ। 

ਉਨ੍ਹਾਂ ਦੱਸਿਆ ਕਿ ਰਾਸ਼ਨ ਪਹੁੰਚਣ ਉਪਰੰਤ ਜਦੋਂ ਉਨ੍ਹਾਂ ਕੋਲ ਉੱਥੋਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆਈਆਂ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਿਕਲੀਗਰ ਸਿੱਖਾਂ ਦੇ ਘਰ ਬਹੁਤ ਹੀ ਖਸਤਾ ਹਾਲਤ 'ਚ ਹਨ। ਜਦੋਂ ਉਨ੍ਹਾਂ ਇਸ ਸੰਬੰਧੀ ਪ੍ਰਧਾਨ ਰਾਹੁਲ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਇੱਥੇ ਰਹਿਣ ਵਾਲੇ 7 ਪਰਿਵਾਰਾਂ ਦੇ ਘਰਾਂ ਦੀਆਂ ਤਾਂ ਛੱਤਾਂ ਵੀ ਨਹੀਂ ਹਨ। ਜਿਸ ਨੂੰ ਵੇਖਦਿਆਂ ਤੁਰੰਤ ਟਰੱਸਟ ਵੱਲੋਂ 100 ਲੋਹੇ ਦੀਆਂ ਚਾਦਰਾਂ ਭੇਜ ਕੇ ਉਕਤ ਘਰਾਂ ਦੀ ਮੁਰੰਮਤ ਕਰਵਾ ਕੇ ਛੱਤਾਂ ਪਵਾ ਕੇ ਦਿੱਤੀਆਂ ਗਈਆਂ ਹਨ ਤਾਂ ਜੋ ਆਉਣ ਵਾਲੇ ਬਰਸਾਤਾਂ ਦੇ ਦਿਨਾਂ 'ਚ ਕੋਈ ਮੁਸ਼ਕਿਲ ਨਾ ਆਵੇ।

ਡਾ. ਓਬਰਾਏ ਨੇ ਦੱਸਿਆ ਕਿ ਸਿਕਲੀਗਰ ਭਾਈਚਾਰੇ ਨੇ ਸਾਡੇ ਗੁਰੂ ਸਾਹਿਬਾਨਾਂ ਦੀ ਬਹੁਤ ਸੇਵਾ ਕੀਤੀ ਹੈ ਅਤੇ ਉਹ ਅੱਜ ਵੀ ਪੂਰੇ ਸਿੱਖੀ ਬਾਣੇ 'ਚ ਰਹਿੰਦੇ ਹਨ। ਟਰੱਸਟ ਵੱਲੋਂ ਇਸ ਭਾਈਚਾਰੇ ਨੂੰ ਕਦੇ ਵੀ ਕਿਸੇ ਚੀਜ਼ ਦੀ ਤੋਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਇਸ ਮਹੀਨੇ ਵੀ ਟਰੱਸਟ ਵੱਲੋਂ ਮੁੜ ਸਾਰੇ ਪਰਿਵਾਰਾਂ ਲਈ ਸੁੱਕਾ ਰਾਸ਼ਨ ਭੇਜਿਆ ਜਾ ਰਿਹਾ ਹੈ ਅਤੇ ਇਹ ਸਾਰੀ ਸੇਵਾ ਨਿਰੰਤਰ ਜਾਰੀ ਰਹੇਗੀ।

Gurminder Singh

This news is Content Editor Gurminder Singh