'ਸਿੱਖਸ ਫਾਰ ਜਸਟਿਸ' ਵੱਲੋਂ 31 ਨੂੰ 'ਪੰਜਾਬ ਬੰਦ' ਦਾ ਐਲਾਨ; ਪੰਜਾਬ ਪੁਲਸ ਨੂੰ ਚੌਕਸ ਰਹਿਣ ਦੇ ਹੁਕਮ

08/26/2020 2:57:52 PM

ਦੋਰਾਹਾ (ਵਿਨਾਇਕ) : 'ਸਿੱਖਸ ਫਾਰ ਜਸਟਿਸ' ਵੱਲੋਂ 31 ਅਗਸਤ, 2020 ਨੂੰ 'ਪੰਜਾਬ ਬੰਦ' ਦੇ ਸੱਦੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਧਿਆਨ 'ਚ ਰੱਖਦਿਆਂ ਖੁਫ਼ੀਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ। ਇਹ ਵੀਡੀਓ ਕਿਸ ਨੇ ਪਾਈ ਹੈ ਜਾਂ ਇਹ ਕਿੱਥੋਂ ਤੱਕ ਸਹੀ ਹੈ, ਇਸ ਦਾ ਕੋਈ ਵੀ ਦਾਅਵਾ ਨਹੀਂ ਕੀਤਾ ਜਾ ਸਕਦਾ ਪਰ ਸੂਤਰਾਂ ਦੇ ਆਧਾਰ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਖੁਫ਼ੀਆਂ ਏਜੰਸੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਪੁਲਸ ਨੂੰ ਚੌਕਸ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਪੰਜਾਬ 'ਚ ਦਾਖ਼ਲ ਹੋਣਾ ਨਹੀਂ ਹੋਵੇਗਾ ਸੌਖਾ, ਸ਼ਰਤਾਂ 'ਤੇ ਹੋਵੇਗੀ ਐਂਟਰੀ

ਭੋਲੇ-ਭਾਲੇ ਨੌਜਵਾਨਾਂ ਨੂੰ ਲਾਲਚ ਦਿੱਤਾ ਜਾ ਰਿਹੈ : ਰਵਨੀਤ ਬਿੱਟੂ
ਇਸ ਮਾਮਲੇ 'ਤੇ ਜਦੋਂ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 'ਸਿੱਖਸ ਫਾਰ ਜਸਟਿਸ' ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਵੱਲੋਂ ਵਿਦੇਸ਼ਾਂ 'ਚ ਬੈਠ ਕੇ ਪੰਜਾਬ ਦੇ ਭੋਲੇ-ਭਾਲੇ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਭੜਕਾਇਆ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਪੱਧਰ ‘ਤੇ ਇਹ ਮੁੱਦਾ ਚੁੱਕਿਆ ਹੋਇਆ ਹੈ ਅਤੇ ਅਜਿਹੇ ਵਿਅਕਤੀਆਂ ਨੂੰ ਜਲਦ ਹੀ ਵਿਦੇਸ਼ਾਂ ਤੋਂ ਲਿਆ ਕੇ ਸਲਾਖ਼ਾਂ ਪਿੱਛੇ ਸੁੱਟਿਆ ਜਾਵੇਗਾ। 31 ਅਗਸਤ ਨੂੰ 'ਪੰਜਾਬ ਬੰਦ' ਦੇ ਸੱਦੇ 'ਤੇ ਬੋਲਦਿਆਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਮਨ-ਸ਼ਾਂਤੀ ਅਤੇ ਦੇਸ਼ ਨੂੰ ਚਾਹੁਣ ਵਾਲੇ ਮਰਹੂਮ ਬੇਅੰਤ ਸਿੰਘ ਦੀ ਤਸਵੀਰ ਘਰ-ਘਰ ਲਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਪੰਜਾਬ 'ਚ ਦਾਖ਼ਲ ਹੋਣਾ ਨਹੀਂ ਹੋਵੇਗਾ ਸੌਖਾ, ਸ਼ਰਤਾਂ 'ਤੇ ਹੋਵੇਗੀ ਐਂਟਰੀ
ਪੰਜਾਬ ਦੀ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ ਦੀਆ ਕੋਸ਼ਿਸ਼ਾਂ
ਇਸ ਸਬੰਧੀ ਜਦੋਂ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ 'ਚ ਬੈਠੀਆਂ ਅੱਤਵਾਦੀ ਤੇ ਵੱਖਵਾਦੀ ਤਾਕਤਾਂ ਵੱਲੋਂ 31 ਅਗਸਤ ਨੂੰ 'ਪੰਜਾਬ ਬੰਦ' ਦਾ ਸੱਦਾ ਦੇ ਕੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ ਦੀਆ ਕੋਸ਼ਿਸ਼ਾ ਕੀਤੀਆਂ ਜਾ ਰਹੀਆਂ ਹਨ, ਜਿਹੜਾ ਕਿ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਅੱਤਵਾਦ ਤੇ ਵੱਖਵਾਦ ਵਿਰੁੱਧ ਜੰਗ ਹਮੇਸ਼ਾ ਜਾਰੀ ਰਹੇਗੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਗੰਡਾਸੇ-ਦਾਤਰਾਂ ਨਾਲ ਵੱਢਿਆ ਨੌਜਵਾਨ, ਖੂਨ ਦੀਆਂ ਵਗਦੀਆਂ ਧਾਰਾਂ ਦੇਖ ਕੰਬੀ ਲੋਕਾਂ ਦੀ ਰੂਹ


 

Babita

This news is Content Editor Babita