ਕਿਸਾਨਾਂ ਨੂੰ ਆਰਥਿਕ ਮੰਦਹਾਲੀ ''ਚੋਂ ਕੱਢਣ ਲਈ ਵਾਹਗਾ ਬਾਰਡਰ ਖੋਲ੍ਹਿਆ ਜਾਵੇ: ਸਿੱਖ ਯੂਥ ਆਫ ਪੰਜਾਬ

12/25/2017 10:57:16 AM

ਜਲੰਧਰ (ਚਾਵਲਾ)— 'ਸਿੱਖ ਯੂਥ ਆਫ ਪੰਜਾਬ' ਵੱਲੋਂ ਕਰਵਾਈ ਗਈ ਯੂਥ ਕਾਨਫਰੰਸ ਵਿਚ ਬੁਲਾਰਿਆਂ ਨੇ ਇਕਮਤ ਹੁੰਦਿਆਂ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਅਤੇ ਕਿਸਾਨਾਂ ਨੂੰ ਆਰਥਿਕ ਮੰਦਹਾਲੀ 'ਚੋਂ ਕੱਢਣ ਲਈ ਵਾਹਗਾ ਬਾਰਡਰ ਰਾਹੀਂ ਵਪਾਰ ਖੋਲ੍ਹਿਆ ਜਾਵੇ ਤਾਂ ਜੋ ਕਿਸਾਨ ਆਪਣੀਆਂ ਜਿਣਸਾਂ ਸੈਂਟਰਲ ਏਸ਼ੀਆ ਦੀ ਮੰਡੀ ਵਿਚ ਵੇਚ ਸਕਣ। ਜਥੇਬੰਦੀ ਵੱਲੋਂ ਆਪਣੇ 9ਵੇਂ ਸਥਾਪਨਾ ਦਿਵਸ ਮੌਕੇ ਗੁਰਦੁਆਰਾ ਦਮਦਮਾ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਿਖੇ ਕਰਵਾਈ ਗਈ ਕਾਨਫਰੰਸ ਦੌਰਾਨ ਮਨਧੀਰ ਸਿੰਘ, ਪਰਮਜੀਤ ਸਿੰਘ ਟਾਂਡਾ, ਪਰਮਜੀਤ ਸਿੰਘ ਗਾਜੀ ਅਤੇ ਡਾ. ਗੁਰਪ੍ਰੀਤ ਸਿੰਘ ਨੇ ਨੌਜਵਾਨਾਂ ਨੂੰ ਦਰਪੇਸ਼ ਕਿਸਾਨੀ ਮਸਲੇ, ਵਿੱਦਿਅਕ ਅਤੇ ਸੱਭਿਆਚਾਰਕ ਸਮੱਸਿਆਵਾਂ 'ਤੇ ਆਪਣੇ ਗੰਭੀਰ ਵਿਚਾਰ ਰੱਖੇ। ਕਾਨਫਰੰਸ ਚਾਰ ਸਾਹਿਬਜ਼ਾਦਿਆਂ ਦੀ ਅਜ਼ੀਮ ਸ਼ਹਾਦਤ ਨੂੰ ਸਮਰਪਿਤ ਕੀਤੀ ਗਈ ਸੀ।
ਪੰਜਾਬ ਭਰ ਤੋਂ ਆਏ ਨੌਜਵਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਦਲ ਖਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਦੱਸਿਆ ਕਿ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਵਾਹਗਾ ਬਾਰਡਰ ਰਾਹੀਂ ਖੁੱਲ੍ਹਾ ਵਪਾਰ ਸ਼ੁਰੂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਭਰਾ ਲੰਮੇ ਸਮੇਂ ਤੋਂ ਆਰਥਿਕ ਮੰਦਹਾਲੀ ਵਿਚੋਂ ਲੰਘ ਰਹੇ ਹਨ ਅਤੇ ਨਿੱਤ ਦਿਨ ਹੋ ਰਹੀਆਂ ਖੁਦਕੁਸ਼ੀਆਂ ਇਸ ਦੁਖਾਂਤ ਦੀ ਤਲਖ ਸੱਚਾਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਅੰਦਰ ਮੁੰਬਈ ਅਤੇ ਗੁਜਰਾਤ ਪੋਰਟ ਰਾਹੀਂ ਹੀ ਪਾਕਿਸਤਾਨ ਅਤੇ ਹੋਰਨਾਂ ਸੈਂਟਰਲ ਏਸ਼ੀਆ ਮੁਲਕਾਂ ਨਾਲ ਵਪਾਰ ਹੋ ਰਿਹਾ ਹੈ। 
ਨੌਜਵਾਨ ਜਥੇਬੰਦੀ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਸਰਕਾਰਾਂ ਕਿਸਾਨਾਂ ਪ੍ਰਤੀ ਸੰਜੀਦਾ ਨਹੀਂ ਹਨ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫੀ ਦਾ ਲਾਰਾ ਕਿਸਾਨ ਨੂੰ ਸਿਰਫ ਵਕਤੀ ਰਾਹਤ ਹੀ ਦੇ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਾਨੂੰਨ ਪਾਸ ਕਰਕੇ ਸਰਕਾਰੀ ਅਤੇ ਗੈਰ-ਸਰਕਾਰੀ ਖੇਤਰ ਅੰਦਰ ਗੈਰ-ਪੰਜਾਬੀਆਂ ਨੂੰ ਰੋਜ਼ਗਾਰ ਦੇਣ ਦੀ ਹੱਦ ਮਿੱਥੇ। ਉਨ੍ਹਾਂ ਕਿਹਾ ਕਿ ਇਹ ਹੱਦ ਕਿਸੇ ਵੀ ਕੀਮਤ 'ਤੇ 30 ਫੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਇਸ ਤਰ੍ਹਾਂ ਸਰਕਾਰ ਸਥਾਨਕ ਪੰਜਾਬੀ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਨ ਦੇ ਵੱਧ ਮੌਕੇ ਪ੍ਰਦਾਨ ਕਰੇਗੀ।
ਉਨ੍ਹਾਂ ਕਿਹਾ ਕਿ ਖੇਤੀ ਪ੍ਰਤੀ ਨੀਤੀਆਂ ਦਾ ਨਵੀਨੀਕਰਨ ਹੋਣਾ ਚਾਹੀਦਾ ਹੈ। ਪਰਮਜੀਤ ਸਿੰਘ ਗਾਜੀ ਨੇ ਮੀਡੀਆ ਦੇ ਰੋਲ ਦੀ ਵਿਆਖਿਆ ਕਰਦਿਆਂ ਕਿਹਾ ਕਿ ਇਸ ਵਿਚੋਂ ਸੰਜੀਦਗੀ ਅਤੇ ਪੇਸ਼ੇਵਾਰਾਨਾ ਸਮਰਪਣ ਦੀ ਭਾਵਨਾ ਅਲੋਪ ਹੈ।