ਲੰਡਨ ''ਚ ਮਾਰਿਆ ਗਿਆ 6 ਭੈਣਾਂ ਦਾ ਇਕਲੌਤਾ ਭਰਾ ਸੀ ਹੁਸ਼ਿਆਰਪੁਰ ਦਾ ਨਰਿੰਦਰ

01/22/2020 7:07:51 PM

ਹੁਸ਼ਿਆਰਪੁਰ (ਅਮਰੀਕ)— ਇੰਗਲੈਂਡ ਦੇ ਲੰਡਨ 'ਚ ਬੀਤੇ ਦਿਨੀਂ ਹੋਏ ਆਪਸੀ ਝਗੜੇ 'ਚ ਤਿੰਨ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਮੌਤ ਦਾ ਸ਼ਿਕਾਰ ਹੋਏ ਤਿੰਨ ਸਿੱਖ ਨੌਜਵਾਨਾਂ 'ਚੋਂ ਇਕ ਸਿੱਖ ਹੁਸ਼ਿਆਰਪੁਰ ਦਾ ਨਰਿੰਦਰ ਸਿੰਘ ਸ਼ਾਮਲ ਸੀ ਜਦਕਿ ਇਕ ਪਟਿਆਲਾ ਦਾ ਹਰਿੰਦਰ ਕੁਮਾਰ ਅਤੇ ਸੁਲਤਾਨਪੁਰ ਲੋਧੀ ਦਾ ਮਲਕੀਤ ਸਿੰਘ ਉਰਫ ਬਲਜੀਤ ਸਿੰਘ ਸ਼ਾਮਲ ਸੀ। ਨਰਿੰਦਰ ਸਿੰਘ ਹੁਸ਼ਿਆਰਪੁਰ ਦੇ ਪਿੰਡ ਆਦਮਵਾਲ ਦਾ ਰਹਿਣ ਵਾਲਾ ਸੀ, ਜੋਕਿ 10 ਸਾਲ ਪਹਿਲਾਂ ਸਟਡੀ ਵੀਜ਼ਾ 'ਤੇ ਲੰਡਨ ਗਿਆ ਸੀ। ਨਰਿੰਦਰ ਦੀ ਹੱਤਿਆ ਦੀ ਖਬਰ ਮਿਲਦੇ ਹੀ ਪੂਰੇ ਪਿੰਡ 'ਚ ਮਾਤਮ ਛਾ ਗਿਆ।

6 ਭੈਣਾਂ ਦਾ ਇਕਲੌਤਾ ਭਰਾ ਸੀ ਨਰਿੰਦਰ
ਨਰਿੰਦਰ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਕਿ ਨਰਿੰਦਰ 6 ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀ ਮਾਤਾ ਦਾ ਦਿਹਾਂਤ 2 ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੱਸਿਆ ਕਿ 9 ਜਨਵਰੀ ਨੂੰ ਨਰਿੰਦਰ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਸੀ ਅਤੇ ਉਸ ਨੇ ਕਿਹਾ ਸੀ ਕਿ ਉਹ ਅਗਲੇ ਮਹੀਨੇ ਪੱਕਾ ਹੋ ਜਾਵੇਗਾ ਅਤੇ ਅਗਲੇ ਮਹੀਨੇ ਹੀ ਭਾਰਤ ਆਵੇਗਾ ਪਰ 19 ਜਨਵਰੀ ਨੂੰ ਉਸ ਦੀ ਮੌਤ ਦੀ ਖਬਰ ਸੁਣਦੇ ਹੀ ਪੂਰੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਹਰਜੀਤ ਸਿੰਘ ਨਮ ਅੱਖਾਂ ਨਾਲ ਸਰਕਾਰ ਤੋਂ ਗੁਹਾਰ ਲਗਾਈ ਕਿ ਉਨ੍ਹਾਂ ਦੇ ਪੁੱਤ ਦੀ ਲਾਸ਼ ਭਾਰਤ ਲਿਆਂਦੀ ਜਾਵੇ ਅਤੇ ਮੁਲਜ਼ਮਾਂ ਨੂੰ ਸਖਤ ਸਜ਼ਾ ਦਿਵਾਈ ਜਾਵੇ।

ਭੈਣਾਂ ਨੂੰ ਸੀ ਭਰਾ ਦੇ ਆਉਣ ਦੀ ਉਡੀਕ
ਨਰਿੰਦਰ ਸਿੰਘ ਨੇ ਆਪਣੀਆਂ ਭੈਣਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਇਸ ਸਾਲ 2020 'ਚ ਜ਼ਰੂਰ ਭਾਰਤ ਆਵੇਗਾ ਅਤੇ ਭੈਣਾਂ ਨੂੰ ਭਰਾ ਦਾ ਇੰਤਜ਼ਾਰ ਸੀ ਪਰ ਅਜਿਹੀ ਖਬਰ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ। ਜਿਸ ਭਰਾ ਦੇ ਵਿਆਹ ਲਈ ਅੱਖਾਂ ਵਿਛਾਈ ਬੈਠੀਆਂ ਸਨ, ਹੁਣ ਉਨ੍ਹਾਂ ਅੱਖਾਂ ਨੂੰ ਭਰਾ ਦੀ ਲਾਸ਼ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਭੈਣਾਂ ਵੱਲੋਂ ਵਿਦੇਸ਼ ਮੰਤਰੀ ਨੂੰ ਗੁਹਾਰ ਲਗਾਈ ਗਈ ਹੈ ਤਾਂਕਿ ਨਰਿੰਦਰ ਦੀ ਲਾਸ਼ ਭਾਰਤ ਲਿਆਂਦੀ ਜਾ ਸਕੇ। ਨਰਿੰਦਰ 6 ਭੈਣਾਂ 'ਚੋਂ ਸਭ ਤੋਂ ਛੋਟਾ ਸੀ। ਜਾਣਕਾਰੀ ਮੁਤਾਬਕ ਇੰਗਲੈਂਡ ਪੁਲਸ ਨੇ ਸ਼ੱਕ ਦੇ ਆਧਾਰ 'ਤੇ 2 ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਹੱਤਿਆ ਦਾ ਕਾਰਨ ਗੈਂਗਵਾਰ ਦੱਸਿਆ ਜਾ ਰਿਹਾ ਹੈ, ਜਿਸ ਦੇ ਲਈ ਪੁਲਸ ਅਜੇ ਖੁੱਲ੍ਹ ਕੇ ਨਹੀਂ ਬੋਲ ਰਹੀ ਹੈ।

shivani attri

This news is Content Editor shivani attri