ਲੰਡਨ ''ਚ ਮਾਰਿਆ ਗਿਆ ਸੁਲਤਾਨਪੁਰ ਲੋਧੀ ਦਾ ਮਲਕੀਤ, ਖਬਰ ਸੁਣ ਧਾਹਾਂ ਮਾਰ ਰੋਈ ਮਾਂ (ਤਸਵੀਰਾਂ)

01/21/2020 6:46:03 PM

ਸੁਲਤਾਨਪੁਰ ਲੋਧੀ (ਧੀਰ)— ਬੀਤੇ ਦਿਨੀਂ ਇੰਗਲੈਂਡ ਦੇ ਲੰਡਨ 'ਚ ਹੋਏ ਆਪਸੀ ਝਗੜੇ 'ਚ ਤਿੰਨ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਮੌਤ ਦਾ ਸ਼ਿਕਾਰ ਹੋਏ ਤਿੰਨ ਸਿੱਖ ਨੌਜਵਾਨਾਂ 'ਚੋਂ ਇਕ ਸਿੱਖ ਸੁਲਤਾਨਪੁਰ ਲੋਧੀ ਦੇ ਪਿੰਡ ਸਰਾਏ ਜੱਟਾ ਦਾ ਰਹਿਣ ਵਾਲਾ ਮਲਕੀਤ ਸਿੰਘ ਉਰਫ ਬਲਜੀਤ ਸਿੰਘ ਉਰਫ ਬੱਲੀ ਢਿੱਲੋਂ ਸੀ। ਉਸ ਦੀ ਮੌਤ ਦੀ ਖਬਰ ਜਿਵੇਂ ਹੀ ਉਸ ਦੇ ਪਿੰਡ ਪੁੱਜੀ ਤਾਂ ਪੂਰੇ ਪਿੰਡ 'ਚ ਸੋਗ ਦੀ ਲਹਿਰ ਛਾ ਗਈ। ਧਾਹਾਂ ਮਾਰਦੀ ਮਾਂ ਦੇ ਮੂੰਹੋਂ ਇਕੋ ਬੋਲ ਹੀ ਨਿਕਲ ਰਹੇ ਸਨ ਕਿ ਵੇ ਪੁੱਤਰਾਂ ਆ ਕੇ ਕੋਠੀ ਬਣਾ ਜਾ। ਮੌਤ ਦਾ ਸ਼ਿਕਾਰ ਹੋਇਆ ਨੌਜਵਾਨ ਮਲਕੀਤ ਸਿੰਘ (38) ਸਾਬਕਾ ਸਰਪੰਚ ਸਵ. ਮੋਹਨ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ। ਜਿਸ ਦੇ ਚਲੇ ਜਾਣ ਨਾਲ ਬੁਢਾਪੇ ਦੀ ਲਾਠੀ ਟੁੱਟ ਗਈ ਹੈ।

ਕਰੀਬ 15 ਸਾਲ ਪਹਿਲਾਂ ਗਿਆ ਸੀ ਵਿਦੇਸ਼
ਮ੍ਰਿਤਕ ਮਲਕੀਤ ਸਿੰਘ ਉਰਫ ਬੱਲੀ ਢਿੱਲੋਂ ਦੇ ਭਤੀਜੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਚਾਚੇ ਸਣੇ ਇਹ ਤਿੰਨ ਭਰਾ ਹਨ, ਜਿਨ੍ਹਾਂ 'ਚੋਂ ਮਲਕੀਤ ਸਿੰਘ ਸਭ ਤੋਂ ਛੋਟੇ ਸਨ। ਛੋਟੇ ਹੁੰਦੇ ਤੋਂ ਹੀ ਮਲਕੀਤ ਸਿੰਘ ਨੂੰ ਵਿਦੇਸ਼ ਜਾਣ ਦੀ ਇੱਛਾ ਸੀ। ਉਨ੍ਹਾਂ ਦੱਸਿਆ ਕਿ ਕਰੀਬ 15 ਸਾਲ ਪਹਿਲਾਂ ਘਰ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਡਾਲਰ, ਪੌਂਡ ਕਮਾਉਣ ਖਾਤਿਰ ਮਲਕੀਤ ਸਿੰਘ ਇੰਗਲੈਂਡ 'ਚ ਗਏ ਸਨ।

ਇੰਗਲੈਂਡ ਵਿਖੇ ਸਖਤ ਮਿਹਨਤ ਕਰਕੇ ਇਨ੍ਹਾਂ ਨੇ ਪੈਸਾ ਕਮਾਇਆ। ਇੰਗਲੈਂਡ 'ਚ ਕਾਨੂੰਨ ਸਖਤ ਹੋਣ ਕਰਕੇ ਮਲਕੀਤ ਸਿੰਘ ਉਥੋਂ ਦੀ ਨਾਗਰਿਕਤਾ ਨਹੀਂ ਮਿਲੀ ਸੀ, ਜਿਸ ਕਰਕੇ ਉਹ ਵਾਪਸ ਆਪਣੇ ਸ਼ਹਿਰ ਆਉਣ ਤੋਂ ਅਸਮਰਥ ਸਨ।

ਉਨ੍ਹਾਂ ਦੱਸਿਆ ਕਿ ਮਲਕੀਤ ਦੇ ਦੂਜੇ ਭਰਾ ਬਲਕਾਰ ਸਿੰਘ ਅਤੇ ਅਮਰਜੀਤ ਸਿੰਘ ਦੋਵੇਂ ਵਿਆਹੇ ਹੋਏ ਸਨ। ਮੌਤ ਦੀ ਖਬਰ ਸੁਣਦੇ ਹੀ ਵਿਧਵਾ ਮਾਂ ਹਰਭਜਨ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਦਿਮਗੀ ਸੰਤੁਲਨ ਖਰਾਬ ਹੋਣ ਕਰਕੇ ਪਹਿਲਾਂ ਤਾਂ ਉਸ ਨੂੰ ਕੁਝ ਨਹੀਂ ਦੱਸਿਆ ਪਰ ਜਿਉਂ ਹੀ ਸਾਰੀ ਗੱਲ ਉਸ ਨੂੰ ਦੱਸੀ ਗਈ ਤਾਂ ਉਹ ਧਾਹਾਂ ਮਾਰ ਕੇ ਰੋ ਪਈ ਅਤੇ ਵਾਰ-ਵਾਰ ਪੁੱਤਰ ਨੂੰ ਵਾਜਾਂ ਮਾਰ ਰਹੀ ਸੀ।

ਉਥੇ ਹੀ ਭਾਬੀ ਬਲਵਿੰਦਰ ਕੌਰ ਨੇ ਦੱਸਿਆ ਕਿ ਮਲਕੀਤ ਦਾ ਹਾਦਸੇ ਵਾਲੇ ਦਿਨ ਹੀਕੋਈ ਫੋਨ ਨਹੀਂ ਸੀ ਆਇਆ ਅਤੇ ਮਾਂ ਵਾਰ-ਵਾਰ ਉਸ ਦਾ ਫੋਨ ਉਡੀਕਦੀ ਰਹੀ। ਜਦੋਂ ਕਿਤੇ ਵਾਰ-ਵਾਰ ਕਿਸੇ ਦਾ ਫੋਨ ਵੱਜਦਾ ਸੀ ਤਾਂ ਮਾਂ ਵਾਰ-ਵਾਰ ਇਕੋਂ ਗੱਲ ਕਹਿੰਦੀ ਰਹੀ ਕਿ ਕਿਤੇ ਮੇਰੇ ਮੀਤੇ ਪੁੱਤਰ ਦਾ ਫੋਨ ਤਾਂ ਨਹੀਂ ਪਰ ਉਸ ਨੂੰ ਕੀ ਪਤਾ ਸੀ ਜਿਸ ਪੁੱਤਰ ਦੀਆਂ ਉਹ ਆਸਾਂ ਲਗਾ ਕੇ ਬੈਠੀ ਹੈ, ਉਹ ਜਹਾਨੋਂ ਤੁਰ ਗਿਆ ਹੈ।

ਵੇ ਪੁੱਤਰਾਂ ਆ ਕੇ ਕੋਠੀ ਬਣਾ ਲੈ
ਸ਼ੁਰੂ ਤੋਂ ਹੀ ਸੁੰਦਰ ਕੋਠੀ ਬਣਾਉਣ ਦੀ ਰੀਝ ਲੈ ਕੇ ਮਲਕੀਤ ਇੰਗਲੈਂਡ 'ਚ ਬਿਲਡਰਜ਼ ਦਾ ਹੀ ਕੰਮ ਕਰਦਾ ਸੀ। ਮਾਂ ਨੂੰ ਕਹਿੰਦਾ ਸੀ ਕਿ ਮਾਂ ਤੂੰ ਚਿੰਤਾ ਨਾ ਕਰ ਤੇਰੇ ਲਈ ਮੈਂ ਸੁੰਦਰ ਕੋਠੀ ਬਣਾਵਾਂਗਾ, ਜਿਸ 'ਚ ਆਪਾ ਦੋਵੇਂ ਰਹਾਂਗੇ। ਧਾਹਾਂ ਮਾਰ ਰੋਂਦੀ ਮਾਂ ਇਹੀ ਕਹਿ ਰਹੀ ਸੀ, ''ਵੇ ਪੁੱਤਰਾਂ ਕਦੋਂ ਆਉਣਾ ਕੋਠੀ ਬਣਾਉਣ। ਵੇ ਪੁੱਤਰਾਂ ਆ ਕੇ ਕੋਠੀ ਤਾਂ ਬਣਾ ਲੈ।''

ਕਬੱਡੀ ਦਾ ਵੀ ਬਚਪਨ ਤੋਂ ਹੀ ਰੱਖਦਾ ਸੀ ਸ਼ੌਂਕ
ਪਿੰਡ ਸਰਾਂ ਜੱਟਾ ਦੇ ਸਾਬਕਾ ਸਰਪੰਚ ਚਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਮਲਕੀਤ ਮੇਰੇ ਨਾਲ ਹੀ ਬਚਪਨ 'ਚ ਪੜ੍ਹਦਾ ਸੀ ਅਤੇ ਉਸ ਨੂੰ ਕਬੱਡੀ ਦਾ ਵੀ ਬੇਹੱਦ ਸ਼ੌਂਕ ਸੀ। ਜਦੋਂ ਖੇਡ 'ਚ ਉਹ ਕਿੱਧਰੇ ਰੇਡ ਕਰਨ ਆਉਂਦਾ ਸੀ ਤਾਂ ਖਿਡਾਰੀ ਉਸ ਨੂੰ ਬਿਜਲੀ ਦੇ ਨਾਂ ਨਾਲ ਬੁਲਾਉਂਦੇ ਸਨ। ਉਨ੍ਹਾਂ ਦੱਸਿਆ ਕਿ ਮਲਕੀਤ ਕਹਿੰਦਾ ਸੀ ਕਿ ਵਿਦੇਸ਼ ਜਾ ਕੇ ਵੀ ਉਹ ਕਬੱਡੀ ਨੂੰ ਖੂਬ ਉਤਸ਼ਾਹਤ ਕਰੇਗਾ।

ਵਿਧਾਇਕ ਚੀਮਾ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਨੌਜਵਾਨ ਮਲਕੀਤ ਦੇ ਲੰਡਨ 'ਚ ਹੋਏ ਕਤਲ 'ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਡਾਲਰਾਂ, ਪੌਂਡ ਕਮਾਉਣ ਦੀ ਲਾਲਸਾ ਨੇ ਸਾਡਾ ਇਕ ਹੋਰ ਨੌਜਵਾਨ ਸਾਡੇ ਕੋਲੋਂ ਖੋਹ ਲਿਆ। ਉਨ੍ਹਾਂ ਕਿਹਾ ਕਿ ਮਲਕੀਤ ਇਕ ਹੋਣਹਾਰ ਨੌਜਵਾਨ ਸੀ, ਜਿਸ ਦੇ ਚਲੇ ਜਾਣ ਨਾਲ ਬਹੁਤ ਦੁੱਖ ਹੋਇਆ ਹੈ।

ਮ੍ਰਿਤਕ ਦੇਹ ਲਿਆਂਦੀ ਜਾਵੇਗੀ ਭਾਰਤ
ਪਰਿਵਾਰਕ ਮੈਂਬਰਾਂ ਮੁਤਾਬਕ ਮ੍ਰਿਤਕ ਮਲਕੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆ ਕੇ ਉਸ ਦੇ ਜੱਦੀ ਪਿੰਡ ਸਰਾਂ ਜੱਟਾ ਵਿਖੇ ਹੀ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਸ਼ਾਮ ਲੰਡਨ 'ਚ 7 ਸਿੱਖ ਨੌਜਵਾਨਾਂ ਦੇ ਸਮੂਹ 'ਤੇ ਕੁਝ ਲੋਕਾਂ ਨੇ ਚਾਕੂ ਨਾਲ ਜਾਨਲੇਵਾ ਹਮਲਾ ਕੀਤਾ। ਇਸ ਹਮਲੇ 'ਚ 3 ਸਿੱਖ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਮਲਾ ਪੂਰਬੀ ਲੰਡਨ ਦੇ ਐਸਫੋਰਡ ਵਿਚ ਸ਼ਨੀਵਾਰ ਸ਼ਾਮ 7:30 ਵਜੇ ਸੱਤ ਕਿੰਗਸ ਸਟੇਸ਼ਨ ਨੇੜੇ ਹੋਇਆ ਸੀ। ਤਿੰਨੇ ਪੀੜਤ ਸਿੱਖ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਸਨ। ਇਸ ਹਮਲੇ 'ਚ ਮਲਕੀਤ ਸਿੰਘ ਉਰਫ ਬਲਜੀਤ ਢਿੱਲੋਂ ਤੋਂ ਇਲਾਵਾ ਨਰਿੰਦਰ ਸਿੰਘ ਅਤੇ ਹਰਿੰਦਰ ਕੁਮਾਰ ਮਾਰੇ ਗਏ ਸਨ।

shivani attri

This news is Content Editor shivani attri