ਵਿਦੇਸ਼ੀ ਏਅਰਪੋਰਟ ''ਤੇ ਸਿੱਖ ਨੌਜਵਾਨ ਨਾਲ ਬਦਸਲੂਕੀ, ਇਨਸਾਫ ਲਈ ''ਜਗਬਾਣੀ'' ਨੂੰ ਲਾਈ ਗੁਹਾਰ (ਵੀਡੀਓ)

10/19/2016 3:34:36 PM

ਅੰਮ੍ਰਿਤਸਰ : ਵਿਦੇਸ਼ੀ ਧਰਤੀ ''ਤੇ ਇਕ ਵਾਰ ਫਿਰ ਸਿੱਖ ਨੌਜਵਾਨ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਖਾਸ ਗੱਲ ਇਹ ਰਹੀ ਕਿ ਇਸ ਵਾਰ ਨੌਜਵਾਨ ਨੇ ਕਿਸੇ ਦੇਸ਼ ਨੂੰ ਨਹੀਂ, ਸਗੋਂ ''ਜਗਬਾਣੀ'' ਨੂੰ ਇਨਸਾਫ ਦੀ ਗੁਹਾਰ ਲਾਈ ਹੈ। ਅਸਲ ''ਚ ਅੰਮ੍ਰਿਤਸਰ ਦਾ ਰਹਿਣ ਵਾਲਾ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਸਵੀਡਨ ''ਚ ਪੀ. ਐੱਚ. ਡੀ. ਕਰ ਰਿਹਾ ਹੈ ਅਤੇ ਉੱਥੋਂ ਤੁਰਕੀ ਹੁੰਦਾ ਹੋਇਆ ਭਾਰਤ ਆ ਰਿਹਾ ਸੀ। ਇਸ ਦੌਰਾਨ ਅਧਿਕਾਰੀਆਂ ਨੇ ਇਸੰਤਾਬੁਲ ਏਅਰਪੋਰਟ ''ਤੇ ਉਸ ਦੀ ਤਲਾਸ਼ੀ ਲਈ ਅਤੇ ਪੱਗ ਉਤਾਰਨ ਲਈ ਕਿਹਾ ਪਰ ਸਿੱਖੀ ਸਿਧਾਤਾਂ ''ਤੇ ਚੱਲਦੇ ਹੋਏ ਗੁਰਵਿੰਦਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਏਅਰਪੋਰਟ ਦੇ ਅਧਿਕਾਰੀ ਉਸ ਨੂੰ ਮਜ਼ਬੂਰ ਕਰਦੇ ਰਹੇ ਪਰ ਗੁਰਵਿੰਦਰ ਨਹੀਂ ਮੰਨਿਆ। ਅਧਿਕਾਰੀਆਂ ਨੇ ਗੁਰਵਿੰਦਰ ਨੂੰ ਕਰੀਬ 30 ਮਿੰਟ ਏਅਰਪੋਰਟ ''ਤੇ ਹੀ ਰੱਖਿਆ ਅਤੇ ਉਸ ਨਾਲ ਬਦਸਲੂਕੀ ਕਰਦੇ ਰਹੇ। ਗੁਰਵਿੰਦਰ ਨੂੰ ਆਪਣੀ ਜ਼ਿੱਦ ''ਤੇ ਅੜਿਆ ਦੇਖ ਕੇ ਅਖੀਰ ''ਚ ਏਅਰਪੋਰਟ ਅਥਾਰਟੀ ਨੂੰ ਉਸ ਅੱਗੇ ਝੁਕਣਾ ਪਿਆ। ਗੁਰਵਿੰਦਰ ਨੇ ਇਸ ਬਾਰੇ ਕੋਈ ਸ਼ਿਕਾਇਤ ਨਾ ਕਰਕੇ ''ਜਗਬਾਣੀ'' ਅੱਗੇ ਪੂਰੇ ਮਾਮਲੇ ਨੂੰ ਰੱਖਿਆ ਤਾਂ ਜੋ ਪੂਰੀ ਦੁਨੀਆ ਦੇ ਸਿੱਖਾਂ ਦਾ ਉਸ ਨੂੰ ਸਾਥ ਮਿਲ ਸਕੇ ਅਤੇ ਉਸ ਨਾਲ ਪੂਰਾ ਇਨਸਾਫ ਹੋਵੇ। ਜ਼ਿਕਰਯੋਗ ਹੈ ਕਿ ਗੁਰਵਿੰਦਰ ਦਾ ਮਾਮਲਾ ਕੋਈ ਪਹਿਲਾ ਮਾਮਲਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਦੁਨੀਆ ਭਰ ਦੇ ਏਅਰਪੋਰਟਾਂ ''ਤੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਲੋੜ ਹੈ ਗੁਰਵਿੰਦਰ ਵਰਗੇ ਨੌਜਵਾਨਾਂ ਤੋਂ ਸਬਕ ਲੈਣ ਦੀ।

Babita Marhas

This news is News Editor Babita Marhas