ਸਿੱਖ ਜੱਥੇ ਨਾਲ ਗਈ ਮਹਿਲਾ ਦਾ ਪਾਕਿ 'ਚ ਨਿਕਾਹ 'ਤੇ ਵਧਿਆ ਵਿਵਾਦ, ਸਾਹਮਣੇ ਆਇਆ ਪਹਿਲਾ ਬਿਆਨ

04/20/2018 1:55:22 PM

ਗੜ੍ਹਸ਼ੰਕਰ (ਹੁਸ਼ਿਆਰਪੁਰ) — ਸਿੱਖ ਜੱਥੇ ਨਾਲ ਪਾਕਿਸਤਾਨ ਗਈ ਹੁਸ਼ਿਆਰਪੁਰ ਦੀ ਮਹਿਲਾ ਦੇ ਪਾਕਿਸਤਾਨ 'ਚ ਧਰਮ ਬਦਲ ਕੇ ਮੁਸਲਿਮ ਨੌਜਵਾਨ ਨਾਲ ਨਿਕਾਹ ਕਰਨ ਦੇ ਮਾਮਲੇ 'ਚ ਵਿਵਾਦ ਵੱਧ ਗਿਆ ਹੈ। ਕਿਰਨ ਬਾਲਾ ਨਾਮਕ ਇਸ ਮਹਿਲਾ ਦੇ ਪਰਿਵਾਰ ਨੇ ਉਸ ਦੇ ਪਾਕਿਸਤਾਨੀ ਖੂਫੀਆ ਏਜੰਸੀ ਆਈ. ਐੱਸ. ਆਈ. ਦੇ ਹੱਥੇ ਚੜ੍ਹਨ ਤੇ ਉਸ ਦੇ ਕਬਜ਼ੇ 'ਚ ਹੋਣ ਦਾ ਸ਼ੱਕ ਜਤਾਇਆ ਹੈ। ਮਹਿਲਾ ਦੇ ਸੁਹਰੇ ਤਰਸੇਮ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਗੁਹਾਰ ਕਿ ਹੈ ਕਿ ਕਿਰਨ ਬਾਲਾ ਨੂੰ ਵਾਪਸ ਲਿਆਂਦਾ ਜਾਵੇ। ਭਾਰਤ 'ਚ ਆਪਣੇ ਤਿੰਨ ਬੱਚਿਆਂ ਨੂੰ ਛੱਡ ਕੇ ਮਹਿਲਾ ਦੇ ਇਸ ਤਰ੍ਹਾਂ ਪਾਕਿਸਤਾਨ 'ਚ ਵਿਆਹ ਕਰਵਾਉਣ ਨਾਲ ਉਸ ਦਾ ਪਰਿਵਾਰ ਸਦਮੇ 'ਚ ਹੈ। ਕਿਰਨ ਬਾਲਾ ਨੇ ਮੁਸਲਿਮ ਬਣਨ ਤੋਂ ਬਾਅਦ ਆਪਣਾ ਨਾਂ ਅਮੀਨਾ ਬੇਗਮ ਰੱਖ ਲਿਆ। ਇਸ ਦੌਰਾਨ ਕਿਰਨ ਤੋਂ ਅਮੀਨਾ ਬਣੀ ਮਹਿਲਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਸ ਨੇ ਜੱਥੇ ਨੇ ਭਾਰਤ ਵਾਪਸ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਅਮੀਨਾ ਦਾ ਕਹਿਣਾ ਹੈ ਕਿ ਉਹ ਜਿਊਂਦੇ ਜੀਅ ਹੁਣ ਭਾਰਤ ਨਹੀਂ ਆਵੇਗੀ, ਜੇਕਰ ਉਸ ਨਾਲ ਜ਼ਬਰਦਸਤੀ ਕੀਤੀ ਗਈ ਤਾਂ ਉਸ ਦੀ ਲਾਸ਼ ਹੀ ਭਾਰਤ ਪਹੁੰਚੇਗੀ। ਇਸ ਦੇ ਨਾਲ ਹੀ ਉਸ ਨੇ ਸਰਕਾਰ ਤੋਂ ਪਾਕਿਸਤਾਨ 'ਚ ਰਹਿਣ ਦੀ ਇਜਾਜ਼ਤ ਮੰਗੀ ਹੈ।
ਜ਼ਿਕਰਯੋਗ ਹੈ ਕਿ ਕਿਰਨ ਬਾਲਾ ਵਿਸਾਖੀ ਮੌਕੇ ਸਿੱਖ ਜੱਥੇ ਨਾਲ ਪਾਕਿਸਤਾਨ ਸਥਿਤ ਸਿੱਖ ਧਾਰਮਿਕ ਸਥਾਨਾਂ ਦੀ ਤੀਰਥ ਯਾਤਰਾ 'ਤੇ ਗਈ ਸੀ ਤੇ ਉਥੋਂ ਅਚਾਨਕ 16 ਅਪ੍ਰੈਲ ਨੂੰ ਜੱਥੇ ਤੋਂ ਗਾਇਬ ਹੋ ਗਈ। ਜਾਂਚ 'ਚ ਪਤਾ ਲੱਗਾ ਕਿ ਉਸ ਨੇ ਧਰਮ ਬਦਲ ਕੇ ਇਸਲਾਮ ਕਬੂਲ ਕਰ ਲਿਆ ਹੈ ਤੇ ਲਾਹੌਰ ਦੇ ਇਕ ਨੌਜਵਾਨ ਨਾਲ ਨਿਕਾਹ ਕਰ ਲਿਆ ਹੈ। ਕਿਰਨ ਬਾਲਾ ਦੇ ਸੁਹਰੇ ਤਰਸੇਮ ਸਿੰਘ ਨੇ ਉਸ ਦੇ ਆਈ.  ਐੱਸ. ਆਈ. ਦੇ ਚੰਗੁਲ 'ਚ ਫਸਣ ਦਾ ਸ਼ੱਕ ਜਤਾਇਆ ਹੈ। ਤਰਸੇਮ ਇਸ ਘਟਨਾ ਨਾਲ ਸਕਤੇ 'ਚ ਹੈ। ਉਸ ਨੂੰ ਯਕੀਨ ਨਹੀਂ ਹੋ ਰਿਹ ਕਿ ਕਿਰਨ ਬਾਲਾ (31) ਨੇ ਆਪਣੇ ਤਿੰਨ ਬੱਚਿਆਂ ਨੂੰ ਛੱਡ ਕੇ ਪਾਕਿਸਤਾਨ 'ਚ ਜਾ ਕੇ ਨਿਕਾਹ ਕਰ ਲਿਆ ਹੈ।