ਨਾਂਦੇੜ ਸਾਹਿਬ ''ਚ ਸਿੱਖ ਸੰਗਤਾਂ ਤੇ ਹਰਸਿਮਰਤ ਬਾਦਲ ਵਿਚਾਲੇ ਤਿੱਖੀ ਨੋਕ-ਝੋਕ

10/06/2018 7:23:25 PM

ਨੰਦੇੜ\ਚੰਡੀਗੜ੍ਹ : ਵਿਧਾਨ ਸਭਾ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਅਕਾਲੀ ਦਲ ਦਾ ਵਿਰੋਧ ਹੁਣ ਪੰਜਾਬ ਤੋਂ ਬਾਹਰ ਵੀ ਹੋਣ ਲੱਗਾ ਹੈ। ਨਾਂਦੇੜ ਸਾਹਿਬ ਵਿਖੇ ਸਿੱਖ ਸੰਗਤ ਅਤੇ ਹਰਸਿਮਰਤ ਬਾਦਲ ਵਿਚਾਲੇ ਤਿੱਖੀ ਨੋਕ-ਝੋਕ ਹੋ ਗਈ। ਦਰਅਸਲ ਰੇਲਵੇ ਵੱਲੋਂ ਨਾਂਦੇੜ ਸਾਹਿਬ ਅਤੇ ਜੰਮੂ ਵਿਚਕਾਰ ਇਕ ਨਵੀਂ ਰੇਲ ਗੱਡੀ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਹਰੀ ਝੰਡੀ ਦੇਣ ਪੁੱਜੇ ਸਨ। ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਐੱਸ. ਜੀ. ਪੀ. ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਉਨ੍ਹਾਂ ਦੇ ਨਾਲ ਸਨ। ਇਸ ਨੋਕ-ਝੋਕ ਦੌਰਾਨ ਹਰਸਿਮਰਤ ਬਾਦਲ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਸਮਝਾਉਣ ਅਤੇ ਆਪਣੀਆਂ ਸਫਾਈਆਂ ਵੀ ਦਿੰਦੇ ਨਜ਼ਰ ਆਏ।

ਸਿੱਖ ਭਾਈਚਾਰੇ ਦੇ ਲੋਕ ਪੰਜਾਬ 'ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਨਾਰਾਜ਼ ਸਨ ਜਿਸ ਕਾਰਨ ਹਰਸਿਮਰਤ ਬਾਦਲ ਤੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਬੇਅਦੀਆਂ ਲਈ ਮੁਆਫੀ ਮੰਗਣ ਲਈ ਕਹਿ ਰਹੇ ਸਨ।
ਹਰਸਿਮਰਤ ਨੇ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਜਿਸ ਦੇ ਚੱਲਦੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰਸਿਮਰਤ ਨੇ ਕਿਹਾ ਕਿ ਇਹ ਤਾਕਤਾਂ ਸਿੱਖਾਂ ਨੂੰ ਸਿੱਖਾਂ ਦੇ ਖਿਲਾਫ ਲੜਾਉਣੀਆਂ ਚਾਹੁੰਦੀਆਂ ਹਨ।