ਸਿੱਖ ਜਥੇਬੰਦੀਆਂ ਵੱਲੋਂ ਦਮਦਮੀ ਟਕਸਾਲ ਨੂੰ ਪੂਰਨ ਹਮਾਇਤ ਦੇਣ ਦਾ ਐਲਾਨ

05/27/2016 11:45:46 AM

ਅੰਮ੍ਰਿਤਸਰ/ਚੌਂਕ ਮਹਿਤਾ (ਪਾਲ)-ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਪੰਥ ਅਤੇ ਪੰਥਕ ਸਿਧਾਂਤਾਂ ਨੂੰ ਖੋਰਾ ਲਾਉਣ ਦੀਆਂ ਪੰਥ ਵਿਰੋਧੀ ਤਾਕਤਾਂ ਵੱਲੋਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਪ੍ਰਤੀ ਸੁਚੇਤ ਕਰਨ ਲਈ ਬੁਲਾਈ ਗਈ ਮੀਟਿੰਗ ਦੌਰਾਨ ਹਾਜ਼ਰ ਪੰਥ ਦੀਆਂ ਸਮੁੱਚੀ ਜਥੇਬੰਦੀਆਂ, ਸੰਪ੍ਰਦਾਵਾਂ, ਸੰਤਾਂ ਮਹਾਪੁਰਸ਼ਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੇ ਦਮਦਮੀ ਟਕਸਾਲ ਨੂੰ ਹਰ ਤਰ੍ਹਾਂ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ। 
ਅੱਜ ਦਮਦਮੀ ਟਕਸਾਲ ਦੇ ਹੈੱਡ ਕੁਆਰਟਰ ਗੁਰਦਵਾਰਾ ਗੁਰ ਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਕਰੀਬ ਚਾਰ ਘੰਟੇ ਤਕ ਚਲੀ ਵੱਖ-ਵੱਖ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਉਦਾਸੀਨ ਸੰਪ੍ਰਦਾਵਾਂ, ਨਿਰਮਲ ਸੰਪ੍ਰਦਾਏ, ਸੰਪ੍ਰਦਾ ਰਾੜਾ ਸਾਹਿਬ, ਸੰਪ੍ਰਦਾਏ ਨਾਨਕਸਰ, ਸੰਪ੍ਰਦਾਏ ਕਾਰਸੇਵਾ ਤੇ ਸੇਵਾਪੰਥੀ ਆਦਿ ਦੇ ਬੁਲਾਰਿਆਂ ਨੇ ਕਿਹਾ ਕਿ ਅੱਜ ਕੁਝ ਲੋਕ ਪੰਥ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿਚ ਖੇਡਦਿਆਂ ਬੜੀ ਸੋਚੀ ਅਤੇ ਸਮਝੀ ਸਾਜ਼ਿਸ਼ ਅਧੀਨ ਸਿੱਖ ਸੰਪ੍ਰਦਾਵਾਂ ਅਤੇ ਜਥੇਬੰਦੀਆਂ ਨੂੰ ਬਦਨਾਮ ਕਰਨ ਵਿਚ ਮਸਰੂਫ਼ ਹਨ। ਬੇਸ਼ੱਕ ਪਹਿਲਾਂ ਵੀ ਅਜਿਹੇ ਯਤਨ ਹੁੰਦੇ ਆਏ ਹਨ ਪਰ ਅੱਜ ਕੁੱਝ ਆਪਣੇ ਹੀ ਲਿਬਾਸ ਅਤੇ ਆਪਣੀਆਂ ਹੀ ਸੰਪ੍ਰਦਾਵਾਂ ਦਾ ਸਹਾਰਾ ਲੈ ਕੇ ਅਤੇ ਨਾਮ ਵਰਤ ਕੇ ਸਿੱਖ ਸੰਪ੍ਰਦਾਵਾਂ ਦੀ ਹੋਂਦ ਹਸਤੀ ਨੂੰ ਕਿੰਤੂ-ਪ੍ਰੰਤੂ ਦਾ ਵਿਸ਼ਾ ਬਣਾਉਂਦਿਆਂ ਪੰਥਕ ਸ਼ਕਤੀ ਨੂੰ ਖੋਰਾ ਲਾਉਣ ''ਤੇ ਤੁਲੇ ਹੋਏ ਹਨ, ਜਿਸ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। 
ਇਸ ਮੌਕੇ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਸਿੱਖੀ ਪ੍ਰਤੀ ਕੂੜ ਪ੍ਰਚਾਰ, ਨੁਕਤਾਚੀਨੀ ਅਤੇ ਰਵਾਇਤਾਂ ਨੂੰ ਢਾਅ ਲਾਉਣ ਦੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਅਜਿਹੇ ਸ਼ਰਾਰਤੀ ਅਨਸਰਾਂ ਅਤੇ ਅਖੌਤੀ ਬੁੱਧੀਜੀਵੀ ਤੇ ਪ੍ਰਚਾਰਕਾਂ ਨੂੰ ਰੋਕਣ ਲਈ ਕਮਰਕੱਸ ਕਰਦਿਆਂ ਜ਼ੋਰਦਾਰ ਹੰਭਲਾ ਮਾਰਨ ਲਈ ਕਿਹਾ। ਉਨ੍ਹਾਂ ਸਵਾਲ ਉਠਾਇਆ ਕਿ ਸਿੱਖੀ ਦਸਤਾਰ ''ਤੇ ਨੁਕਤਾਚੀਨੀ ਕਰਨ ਵਾਲੇ ਕਿਸ ਸਿੱਖੀ ਪ੍ਰਚਾਰ ਦੀ ਗੱਲ ਕਰ ਰਹੇ ਹਨ। ਅਜਿਹੇ ਲੋਕ ਜੋ ਆਪਣੇ ਆਪ ਨੂੰ ਪ੍ਰਚਾਰਕ ਦਸ ਰਹੇ ਹਨ, ਉਨ੍ਹਾਂ ਨੇ ਕਦੀ ਸਿੱਖੀ ਸਿਧਾਂਤਾਂ ''ਤੇ ਹੋ ਰਹੇ ਹਮਲਿਆਂ ਖ਼ਿਲਾਫ਼ ਕਦੀ ਕਿਉਂ ਨਹੀਂ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਨੂੰ ਸੇਵਾ ਪ੍ਰਤੀ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।  
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਜਥੇਬੰਦੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ, ਨਾਲ ਹੀ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਹੋਰ ਸਿੰਘ ਸਾਹਿਬਾਨ ਵੱਲੋਂ ਆਪਣੀ ਬਣਦੀ ਜ਼ਿੰਮੇਵਾਰੀ ਨਾ ਨਿਭਾਉਣ ਦਾ ਗਿਲਾ ਕੀਤਾ ਤੇ ਕਿਹਾ ਕਿ ਪੰਥ ਅੰਦਰ ਬਹੁਤ ਹੀ ਗੰਭੀਰ ਅਤੇ ਸੰਵੇਦਨਸ਼ੀਲ ਮੁੱਦੇ ਅਤੇ ਮਸਲੇ ਜੋ ਪਿਛਲੇ ਕੁਝ ਸਮੇਂ ਤੋਂ ਵਿਸਫੋਟਕ ਰੂਪ ਵਿਚ ਸਾਹਮਣੇ ਆ ਰਹੇ ਹਨ, ਨੂੰ ਰੋਕਿਆ ਜਾ ਸਕਦਾ ਸੀ, ਜੇਕਰ ਸਮਾਂ ਰਹਿੰਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿਆਣਪ ਭਰੇ ਅਤੇ ਸੰਜੀਦਗੀ ਨਾਲ ਯਤਨ ਕਰਦੇ, ਅਫ਼ਸੋਸ ਕਿ ਉਨ੍ਹਾਂ ਹਮੇਸ਼ਾ ਹੀ ਅਜਿਹੇ ਮੁੱਦਿਆਂ ਪ੍ਰਤੀ ਮੂਕ ਦਰਸ਼ਕ ਤੇ ਗੈਰ ਸੰਜੀਦਗੀ ਬਣਾਈ ਰੱਖੀ। ਜਿਸ ਨਾਲ ਪੰਥ ਦਿਸ਼ਾਹੀਣ ਹੀ ਨਹੀਂ ਹੋਇਆ, ਸਗੋਂ ਮੁਸ਼ਕਿਲਾਂ ਵਿਚ ਵੀ ਘਿਰਦਾ ਗਿਆ। ਜੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮਹਾਨ ਰੁਤਬੇ ਅਤੇ ਰਵਾਇਤ ਨੂੰ ਬਰਕਰਾਰ ਰੱਖਿਆ ਗਿਆ ਹੁੰਦਾ ਤਾਂ ਅੱਜ ਅਜਿਹੇ ਦਿਨ ਨਾ ਦੇਖਣੇ ਪੈਂਦੇ।
ਗਿਆਨੀ ਖ਼ਾਲਸਾ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਢੱਡਰੀਆਂ ਵਾਲਾ ਟਕਸਾਲ ਦੇ ਦਸਤਾਰ ਪ੍ਰਤੀ ਕੀਤੀ ਗਈ ਨੁਕਤਾਚੀਨੀ ''ਤੇ ਗਲਤ ਬਿਆਨੀ ਨੂੰ ਤਸਲੀਮ ਕਰ ਲਵੇ ਤਾਂ ਉਹ ਅਗਲੀ ਕਾਰਵਾਈ ਬਾਰੇ ਵਿਚਾਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦੇ ਗ੍ਰਿਫ਼ਤਾਰ ਹੋਏ ਸਿੰਘਾਂ ਵਿਰੁੱਧ ਪ੍ਰਸ਼ਾਸਨ ਵੱਲੋਂ ਇਕ ਤਰਫ਼ਾ ਕਾਰਵਾਈ ਕੀਤੀ ਜਾ ਰਹੀ ਹੈ। ਸਾਡੇ ਸਿੰਘਾਂ ਦੀਆਂ ਅਣ-ਕਿਆਸੀ ਗ੍ਰਿਫ਼ਤਾਰੀਆਂ ਹੋ ਰਹੀਆਂ ਹਨ ਅਤੇ ਉਨ੍ਹਾਂ ਨੂੰ ਅਣ-ਮਨੁੱਖੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਜੋ ਢੱਡਰੀਆਂ ਵਾਲਾ ਦੇ ਹਮਾਇਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ, ਉਨ੍ਹਾਂ ਦਾ ਕੋਈ ਵਿਅਕਤੀ ਜਾਂ ਹਥਿਆਰ ਅੱਜ ਤਕ ਬਰਾਮਦ ਕੀਤੇ ਗਏ ਅਤੇ ਅੱਜ ਤਕ ਉਨਾਂ ਤੋਂ ਪੁੱਛ ਗਿੱਛ ਤਕ ਕਿਉਂ ਨਹੀਂ ਕੀਤੀ ਗਈ। ਇਕ ਪਾਸੇ ਸਰਕਾਰ ਨਿਰਪੱਖ ਜਾਂਚ ਦਾ ਦਾਅਵਾ ਕਰ ਰਹੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੇ ਡੇਰੇ ਜਾ ਕੇ ਹਮਦਰਦੀ ਜਿਤਾ ਰਹੇ ਹਨ। ਕੀ ਇਹੀ ਨਿਰਪੱਖ ਜਾਂਚ ਦੇ ਅਸੂਲ ਹਨ? ਅਜਿਹਾ ਪ੍ਰਸ਼ਾਸਨ ਕਿਸੇ ਨੂੰ ਕੀ ਇਨਸਾਫ਼ ਦੇ ਸਕਦਾ ਹੈ।