ਸ਼੍ਰੀਮਾਨ ਜੀ ਇਹ ਕਹਾਣੀਆਂ ਨਹੀਂ, ਗੌਰਵਮਈ ਇਤਿਹਾਸ ਏ

12/26/2020 6:09:35 PM

ਸਾਡੇ ਪਿੰਡ ਦੀ ਬੈਂਕ ਵਿਚ ਹਿਮਾਚਲ ਤੋਂ ਇਕ ਮੈਨੇਜਰ ਸਾਹਿਬ ਬਦਲ ਕੇ ਆਏ। ਉਹ ਆਪਣਾ ਪਰਿਵਾਰ ਵੀ ਨਾਲ ਹੀ ਲੈ ਆਏ ਸਨ।ਆਪਣੀ ਰਿਹਾਇਸ਼ ਵੀ ਉਨ੍ਹਾਂ ਨੇ ਸਾਡੇ ਪਿੰਡ ਵਿਚ ਹੀ ਰੱਖ ਲਈਹੋਈ ਸੀ ਤੇ ਉਨ੍ਹਾਂ ਨੇ ਆਪਣਾ ਇਕ ਨੌਂ ਦਸ ਸਾਲ ਦਾ ਬੇਟਾ ਲਾਗਲੇ ਸ਼ਹਿਰ ਦੇ ਕਾਨਵੈਂਟ ਸਕੂਲ ਵਿਚ ਪੜ੍ਹਨੇ ਪਾ ਦਿੱਤਾ ਸੀ। ਪਿੰਡ ਵਿਚ ਮੇਰਾ ਪਤਾ ਲੱਗਣ 'ਤੇ ਉਨ੍ਹਾਂ ਨੇ ਉਸ ਨੂੰ ਮੇਰੇ ਕੋਲ ਟਿਊਸ਼ਨ ਲਈ ਭੇਜਣਾ ਸ਼ੁਰੂ ਕਰ ਦਿੱਤਾ। ਅਕਸਰ ਉਹ ਬੱਚਾ ਆਪਣੇ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਹੀ ਆ ਕੇ ਮੇਰੇ ਕੋਲ ਬੈਠ ਜਾਂਦਾ ਸੀ। ਆਪਣੇ ਬੱਚਿਆਂ ਨੂੰ ਪੜ੍ਹਾਉਣ ਤੋਂ ਬਾਅਦ ਮੈਂ ਉਸ ਨੂੰ ਪੜ੍ਹਾਉਣ ਲੱਗ ਜਾਂਦਾ। ਫਿਰ ਕੀ ਹੋਇਆ ਕਿ ਪੰਜ ਸੱਤ ਦਿਨ ਬਾਅਦ ਉਸ ਨੇ ਅਚਾਨਕ ਆਉਣਾ ਬੰਦ ਕਰ ਦਿੱਤਾ।

ਕੁਝ ਦਿਨਾਂ ਬਾਅਦ ਮੈਂ ਬੈਂਕ ਵਿਚ ਕਿਸੇ ਕੰਮ ਲਈ ਗਿਆ ਤਾਂ ਮੈਂ ਮੈਨੇਜਰ ਸਾਹਿਬ ਨੂੰ ਬੱਚੇ ਦੇ ਨਾ ਆਉਣ ਦਾ ਕਾਰਨ ਪੁੱਛਿਆ।ਮੈਨੇਜਰ ਕਹਿਣ ਲੱਗਾ,
ਭਾਈ ਸਾਹਿਬ! ਜਬ ਸੇ ਉਸ ਨੇ ਆਪਕੇ ਯਹਾਂ ਜਾਨਾ ਸ਼ੁਰੂ ਕੀਆ ਹੈ, ਵੋ ਡਰਾ ਡਰਾ ਸਾ ਰਹਿਤਾ ਹੈ ...ਏਕ ਦਿਨ ਤੋ ਉਸੇ ਬੁਖਾਰ ਭੀ ਹੋ ਗਯਾ ਥਾ...ਰਾਤ ਕੋ ਸੋਤਾ ਨਹੀਂ ਹੈ...ਕਹਿਤਾ ਹੈ ਕਿ ਬੁਰੇ ਬੁਰੇ ਸਪਨੇ ਆਤੇ ਹੈਂ! ਜਬ ਮੈਨੇ ਇਸਕਾ ਕਾਰਨ ਪੂਛਾ ਤੋਂ ਕਹਿਨੇ ਲਗਾ, ਅੰਕਲ ਅਪਨੇ ਬੱਚੋਂ ਕੋ ਡਰਾਵਨੀ ਕਹਾਨੀਆਂ ਸੁਨਾਤੇ ਰਹਿਤੇ ਹੈਂ...ਮੁਝੇ ਡਰ ਲਗਤਾ ਹੈ!" ਫਿਰ ਕੁਝ ਦੇਰ ਰੁਕ ਕੇ ਉਹ ਮੈਨੂੰ ਪੁੱਛਣ ਲੱਗਾ," ਐਸੀ ਕਹਾਨੀਆਂ ਕਿਉਂ ਸੁਨਾਤੇ ਹੋ ਅਪਨੇ ਬੱਚੋਂ ਕੋ ਜਿਨਮੇਂ ਮਾਰ ਕਾਟ ਹੋ...ਖੂੰਨ ਖ਼ਰਾਬਾ ਹੋ...ਬੱਚੇ ਡਰ ਜਾਤੇ ਹੈਂ ਨਾ! ...ਆਪਕੇ ਨਹੀਂ ਡਰਤੇ ਕਿਆ?" ਇਹ ਸਵਾਲ ਕਰਕੇ ਮੈਨੇਜਰ ਸਾਹਿਬ ਮੇਰੇ ਮੂੰਹ ਵੱਲ ਦੇਖਣ ਲੱਗ ਪਏ। ਉਸ ਦੀ ਗੱਲ ਸੁਣ ਕੇ ਮੈਂ ਆਖਿਆ,

ਇਹ ਵੀ ਪੜ੍ਹੋ:ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼: ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਸੇਰਾ ਬਣੀ ਸਾਹਿਬਜ਼ਾਦਿਆਂ ਦੀ ਅਨੋਖੀ ਸ਼ਹਾਦਤ

"ਮੈਨੇਜਰ ਸਾਹਿਬ! ਮੈਂ ਕਹਾਣੀਆਂ ਨਹੀਂ,   ਅੱਜ ਕੱਲ੍ਹ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਪੜ੍ਹਾ ਰਿਹਾਂ...ਹਿੰਦੂ ਧਰਮ ਦੀ ਰਾਖੀ ਲਈ ਨੌਵੇਂ ਪਾਤਿਸ਼ਾਹ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਵਲੋਂ ਚਾਂਦਨੀ ਚੌਂਕ ਵਿਚ ਦਿੱਤੇ ਸੀਸ ਦਾ ਬਲੀਦਾਨ ਤੇ ਉਨ੍ਹਾਂ ਦੇ ਸਿੱਖਾਂ ਭਾਈ ਮਤੀ ਦਾਸ ਦੀ ਆਰੇ ਨਾਲ਼ ਚੀਰੇ ਜਾਣ ਦੀ ਸ਼ਹਾਦਤ,ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਜ਼ਾਲਮਾਂ ਵਲੋਂ ਲਾਈ ਅੱਗ ਨਾਲ ਹੋਈ ਸ਼ਹੀਦੀ ਤੇ ਭਾਈ ਦਿਆਲਾ ਦੀ ਉਬਲ਼ਦੀ ਦੇਗ਼ ਵਿਚ ਹੋਈ ਸ਼ਹਾਦਤ!...ਸ਼੍ਰੀਮਾਨ ਜੀ ਇਹ ਕਹਾਣੀਆਂ ਨਹੀਂ ਹਨ, ਗੁਰੂ ਇਤਿਹਾਸ ਹੈ! ਜੇ ਤੁਹਾਡਾ ਬੱਚਾ ਡਰ ਜਾਂਦਾ ਹੈ ਤਾਂ ਉਸ ਨੂੰ ਆਖਣਾ ਅੱਧਾ ਘੰਟਾ ਦੇਰੀ ਨਾਲ਼ ਆਇਆ ਕਰੇ, ਮੈਂ ਉਸ ਨੂੰ ਅੰਗਰੇਜ਼ੀ ਪੜ੍ਹਾ ਦਿਆ ਕਰਾਂਗਾ!"ਮੇਰਾ ਉੱਤਰ ਸੁਣ ਕੇ ਪੋਹ ਦੇ ਮਹੀਨੇ ਦੀ ਸਰਦੀ ਵਿਚ ਵੀ ਮੈਨੇਜਰ ਸਾਹਿਬ ਨੇ ਹੱਥ 'ਚ ਫੜਿਆ ਰੁਮਾਲ ਆਪਣੇ ਮੱਥੇ 'ਤੇ ਦੋ ਤਿੰਨ ਵਾਰ ਫੇਰਿਆ ਜਿਵੇਂ ਪਸੀਨਾਂ ਪੂੰਝ ਰਹੇ ਹੋਣ, ਤੇ ਮਸਾਂ ਹੀ ਧੀਮੀ ਜਿਹੀ ਆਵਾਜ਼ ਵਿਚ ਆਖਿਆ, "ਠੀਕ ਹੈ!" ਪਰ  ਉਨ੍ਹਾਂ ਦਾ ਬੱਚਾ ਮੁੜ ਕਦੀ ਮੇਰੇ ਕੋਲ ਪੜ੍ਹਨ ਲਈ ਨਾ ਆਇਆ।
 ਡਾ.ਰਾਮ ਮੂਰਤੀ     

ਨੋਟ:ਸਿੱਖ ਇਤਿਹਾਸ ਨੂੰ ਦਰਸਾਉਂਦੀ ਇਸ ਕਹਾਣੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੁਮੈਂਟ ਕਰਕੇ ਦਿਓ ਆਪਣੀ ਰਾਏ               

Harnek Seechewal

This news is Content Editor Harnek Seechewal