ਸਿੱਖ ਨੌਜਵਾਨ ਵੱਲੋਂ ਲਾਈਵ ਹੋ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ

07/02/2020 12:17:08 PM

ਰਾਹੋਂ (ਪ੍ਰਭਾਕਰ)— ਦੋ ਦਿਨ ਪਹਿਲਾਂ ਥਾਣਾ ਰਾਹੋਂ 'ਚ ਪੈਂਦੇ ਪਿੰਡ ਨੰਗਲ ਛਾਗਾ ਦੇ ਰਹਿਣ ਵਾਲੇ 22 ਸਾਲ ਸਿੱਖ ਨੌਜਵਾਨ ਵਰਿੰਦਰ ਨੇ ਘਰ ਦੇ ਪਿਛਲੇ ਪਾਸੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ। ਮਰਨ ਤੋਂ ਪਹਿਲਾ ਵਰਿੰਦਰ ਵੱਲੋਂ ਇਕ ਵੀਡੀਓ ਵਾਇਰਲ ਕੀਤੀ ਗਈ ਸੀ, ਜਿਸ 'ਚ ਉਸ ਨੇ ਉਨ੍ਹਾਂ ਵਿਅਕਤੀਆਂ ਦੇ ਨਾਂ ਲਏ ਸਨ, ਜਿਨ੍ਹਾਂ ਕਾਰਨ ਉਸ ਨੇ ਜੀਵਨ ਲੀਲਾ ਖ਼ਤਮ ਕਰ ਲਈ ਸੀ। ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਨ ਲਈ ਮ੍ਰਿਤਕ ਦੇ ਪਰਿਵਾਰ ਵੱਲੋਂ ਕਾਫ਼ੀ ਜਦੋਂ-ਜ਼ਹਿਦ ਕੀਤੀ ਗਈ, ਜਿਸ ਦਾ ਨਤੀਜਾ ਸਾਹਮਣੇ ਆਇਆ ਕਿ ਨਿਰਮਲ ਸਿੰਘ ਦੇ ਬਿਆਨਾਂ 'ਤੇ ਥਾਣਾ ਰਾਹੋਂ ਵਿਖੇ 17 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਨਵਾਂਸ਼ਹਿਰ ਜ਼ਿਲ੍ਹੇ 'ਚ ਸਿੱਖ ਨੌਜਵਾਨ ਵਰਿੰਦਰ ਸਿੰਘ (22) ਨੇ ਸੋਮਵਾਰ ਦੇਰ ਰਾਤ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਤੋਂ ਪਹਿਲਾਂ ਉਕਤ ਨੌਜਵਾਨ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਕਾਂਗਰਸੀ ਵਿਧਾਇਕ, ਸਰਪੰਚ ਅਤੇ ਕਈ ਹੋਰ ਲੋਕਾਂ 'ਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ।

ਵੀਡੀਓ 'ਚ ਲਗਾਏ ਸਨ ਇਹ ਦੋਸ਼
ਨੌਜਵਾਨ ਵੀਡੀਓ 'ਚ ਬੋਲ ਰਿਹਾ ਹੈ ਕਿ ਉਸ ਦੇ ਘਰ 'ਤੇ ਹਮਲਾ ਕਰਨ ਅਤੇ ਉਸ ਦੀ ਬੇਇਜ਼ਤੀ ਕਰਨ ਤੋਂ ਬਾਅਦ ਵੀ ਪੁਲਸ ਨੇ ਉਨ੍ਹਾਂ 'ਤੇ ਕਾਰਵਾਈ ਕੀਤੀ। ਕਾਂਗਰਸੀ ਵਿਧਾਇਕ ਨੇ ਪੁਲਸ 'ਤੇ ਉਨ੍ਹਾਂ 'ਤੇ ਕਾਰਵਾਈ ਕਰਨ ਲਈ ਦਬਾਅ ਬਣਾਇਆ ਸੀ। ਉਸ ਨੇ ਸੋਮਵਾਰ ਨੂੰ ਦੇਰ ਰਾਤ ਫੇਸਬੁੱਕ 'ਤੇ ਲਾਈਵ ਹੋ ਕੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਪਿਤਾ ਨਾਲ ਕੁਝ ਲੋਕਾਂ ਨੇ ਵਿਵਾਦ ਕੀਤਾ ਸੀ। ਉਸ ਸਮੇਂ ਉਹ ਘਰ ਨਹੀਂ ਸੀ। ਸ਼ਾਮ ਨੂੰ ਫਿਰ ਪਿਤਾ ਨਾਲ ਵਿਵਾਦ ਹੋਇਆ ਅਤੇ ਉਹ ਮੌਕੇ 'ਤੇ ਪਹੁੰਚਿਆ। ਇਸ ਦੌਰਾਨ ਕੁਝ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇੰਨਾਂ ਹੀ ਨਹੀਂ ਵਰਿੰਦਰ ਅਤੇ ਉਸ ਦੇ ਭਰਾ ਦੀ ਪੱਗੜੀ ਵੀ ਉਤਾਰ ਲਈ ਗਈ ਸੀ। ਮਾਮਲੇ ਦੀ ਜਾਣਕਾਰੀ ਸਰਪੰਚ ਨੂੰ ਦਿੱਤੀ ਗਈ ਪਰ ਸਰਪੰਚ ਨੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਪੁਲਸ ਵੀ ਮਾਮਲੇ 'ਚ ਖਾਨਾਪੂਰਤੀ ਕਰਦੀ ਰਹੀ। ਉਲਟਾ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਨੌਜਵਾਨ ਨੇ ਦੋਸ਼ ਲਗਾਇਆ ਕਿ ਪੁਲਸ 'ਤੇ ਸਰਪੰਚ ਅਤੇ ਵਿਧਾਇਕ ਨੇ ਦਬਾਅ ਪਾਇਆ ਹੈ। ਉਨ੍ਹਾਂ ਦੇ ਦਬਾਅ 'ਚ ਕਾਰਵਾਈ ਕੀਤੀ ਜਾ ਰਹੀ ਹੈ। ਇਸ ਬਿਆਨ ਤੋਂ ਬਾਅਦ ਵਰਿੰਦਰ ਸਿੰਘ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।

ਕੀ ਕਹਿਣਾ ਹੈ ਵਰਿੰਦਰ ਦੇ ਪਰਿਵਾਰ ਦਾ
ਉਧਰ ਵਰਿੰਦਰ ਦੇ ਪਰਿਵਾਰ ਦਾ ਆਖਣਾ ਹੈ ਕਿ ਜਦੋਂ ਤਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤਕ ਉਹ ਮ੍ਰਿਤਕ ਦਾ ਸਸਕਾਰ ਨਹੀਂ ਕਰਨਗੇ। ਉੱਧਰ ਇਸ ਮਾਮਲੇ 'ਚ ਕਾਂਗਰਸੀ ਵਿਧਾਇਕ ਦਾ ਨਾਂ ਆਉਂਦੇ ਹੀ ਵਿਰੋਧੀ ਧਿਰ ਇਸ ਦਾ ਲਾਹਾ ਲੈਣ ਪਹੁੰਚ ਗਈ। ਯੂਥ ਅਕਾਲੀ ਦਲ ਦੇ ਪ੍ਰਧਾਨ ਬੰਟੀ ਰੋਮਾਣਾ ਪਰਿਵਾਰ ਦਾ ਸਾਥ ਦੇਣ ਪਹੁੰਚੇ ਅਤੇ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਉਹ ਸਭ ਕੁਝ ਕਰਨਗੇ।

ਦੂਜੇ ਪਾਸੇ ਕਾਂਗਰਸੀ ਵਿਧਾਇਕ ਵਿਧਾਇਕ ਅੰਗਦ ਸੈਣੀ ਦਾ ਕਹਿਣਾ ਹੈ ਕਿ ਇਹ ਮਾੜੀ ਘਟਨਾ ਹੈ ਕਿ ਨੌਜਵਾਨ ਨੇ ਆਤਮਹੱਤਿਆ ਕਰ ਲਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਜੋ ਵੀ ਦੋਸ਼ੀ ਹੋਵੇਗਾ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੀੜਤ ਪਰਿਵਾਰ ਨੂੰ ਮਦਦ ਦਾ ਭਰੋਸਾ ਦਿਵਾਇਆ ਹੈ। ਪੁਲਸ ਨੇ ਵੀ ਮਾਮਲੇ 'ਚ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

shivani attri

This news is Content Editor shivani attri