ਕੁੱਟਮਾਰ ਦੇ ਕੇਸ ’ਚੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਸਮੇਤ ਦਸ ਬਰੀ

08/03/2021 6:42:07 PM

ਬਠਿੰਡਾ (ਵਰਮਾ) : ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਉਸ ਦੇ ਸਾਥੀਆਂ ’ਤੇ ਜ਼ਿਲ੍ਹੇ ਦੇ ਪਿੰਡ ਹਮੀਰਗੜ੍ਹ ਦੇ ਵਸਨੀਕ ਜਰਨੈਲ ਸਿੰਘ ਵਲੋਂ ਕੁੱਟਮਾਰ ਦੇ ਦੋਸ਼ ਲਾਏ ਗਏ ਸਨ। ਇਸ ਸਬੰਧੀ ਅਦਾਲਤ ਵਿਚ ਕੇਸ ਵੀ ਦਾਇਰ ਕੀਤੀ ਗਈ ਸੀ। 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੌਰਾਨ, ਜਰਨੈਲ ਸਿੰਘ ਨੇ ਅਕਾਲੀ ਦਲ ਦੇ ਇਕ ਸਮਾਗਮ ਦੌਰਾਨ ਕੁੱਟਮਾਰ ਦੇ ਦੋਸ਼ ਲਾਏ ਗਏ ਸਨ ਜਿਸ ਵਿਚ ਥਾਣਾ ਦਿਆਲਪੁਰਾ ਦੇ ਐੱਸ.ਐੱਚ.ਓ. ਵੀ ਸ਼ਾਮਲ ਸੀ। ਰਾਮਪੁਰਾ ਦੀ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਤੋਂ ਬਾਅਦ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ । ਪੁਲੀਸ ਨੇ ਜਰਨੈਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਉਕਤ ਬਜ਼ੁਰਗ ਨੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਨਗਰ ਪੰਚਾਇਤ ਮਹਿਰਾਜ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਹਿੰਦਾ, ਬੂਟਾ ਸਿੰਘ ਸਿੱਧੂ ਭਗਤਾ ਭਾਈਕਾ ਮੌਜੂਦਾ ਨਗਰ ਪੰਚਾਇਤ ਪ੍ਰਧਾਨ, ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਧੁੰਨਾ, ਗੁਰਲਾਲ ਸਿੰਘ ਲਾਲੀ ਸਿਧਾਣਾ, ਹਰਪਿੰਦਰ ਸਿੰਘ ਹੈਪੀ, ਦਰਬਾਰਾ ਸਿੰਘ ਛੰਟੂ ਕਮਲਜੀਤ ਸਿੰਘ ਸਿਧਾਣਾ ਉਪਰ ਕੁੱਟਮਾਰ ਦੇ ਦੋਸ਼ ਲਾਏ ਸਨ। ਇਸ ਤੋਂ ਬਾਅਦ ਬਜ਼ੁਰਗ ਜਰਨੈਲ ਸਿੰਘ ਨੇ ਉਕਤ ਸਾਰੇ ਵਿਅਕਤੀਆਂ ਖ਼ਿਲਾਫ਼ ਅਦਾਲਤ ਵਿਚ ਇਸਤਗਾਸਾ ਦਾਇਰ ਕਰ ਦਿੱਤਾ।

ਅਦਾਲਤ ਵਿਚ ਪਾਏ ਕੇਸ ਵਿਚ ਉਕਤ ਵਿਅਕਤੀਆਂ ਤੋਂ ਇਲਾਵਾ ਥਾਣਾ ਦਿਆਲਪੁਰਾ ਦੇ ਉਸ ਸਮੇਂ ਦੇ ਐੱਸ. ਐੱਚ. ਓ ਬੀਰਬਲ ਸਿੰਘ ਨੂੰ ਵੀ ਪਾਰਟੀ ਬਣਾਇਆ ਗਿਆ ਸੀ। ਅਦਾਲਤ ਵਿਚ ਦਾਇਰ ਕੀਤੇ ਕੇਸ ਅੰਦਰ ਬਜ਼ੁਰਗ ਨੇ ਦੋਸ਼ ਲਾਇਆ ਸੀ ਕਿ ਮਲੂਕਾ ਸਮੇਤ ਉਕਤ ਵਿਅਕਤੀਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਸ ਨੇ ਕਾਰਵਾਈ ਲਈ ਥਾਣਾ ਦਿਆਲਪੁਰਾ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਪੁਲਸ ਨੇ ਵੀ ਸਿਆਸੀ ਦਬਾਅ ਦੇ ਚੱਲਦਿਆਂ ਉਕਤ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। 2015 ਦੇ ਇਸ ਮਾਮਲੇ ਵਿਚ ਮੰਗਲਵਾਰ ਨੂੰ ਮਾਣਯੋਗ ਮਿਨਾਕਸ਼ੀ ਗੁਪਤਾ ਦੀ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਾਰਿਆਂ ਨੂੰ ਬਰੀ ਕਰਨ ਦੇ ਹੁਕਮ ਜਾਰੀ ਕੀਤੇ।

 


Gurminder Singh

Content Editor

Related News