ਢੀਂਡਸਾ ਪਿਉ-ਪੁੱਤ ''ਤੇ ਵਰ੍ਹੇ ਮਲੂਕਾ, ਸੁਣਾਈਆਂ ਖਰੀਆਂ-ਖਰੀਆਂ

03/06/2020 6:35:27 PM

ਭਵਾਨੀਗੜ੍ਹ (ਵਿਕਾਸ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਸੰਗਰੂਰ ਦੇ ਛੇ ਸਰਕਲ ਜਥੇਦਾਰਾਂ ਦੀ ਚੋਣ ਇੱਥੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਸਾਬਕਾ ਕੈਬਨਿਟ ਮੰਤਰੀ ਤੇ ਸੰਗਰੂਰ ਬਰਨਾਲਾ ਹਲਕਾ ਦੇ ਅਬਜ਼ਰਵਰ ਸਿਕੰਦਰ ਸਿੰਘ ਮਲੂਕਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਤੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਤੋਂ ਇਲਾਵਾ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਆਗੂ ਤੇ ਵਰਕਰ ਪਹੁੰਚੇ। ਇਸ ਮੌਕੇ ਸਿਕੰਦਰ ਸਿੰਘ ਮਲੂਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਲੂਕਾ ਨੇ ਆਖਿਆ ਕਿ ਢੀਂਡਸਾ ਪਿਉ-ਪੁੱਤ ਨੇ ਜਿਨ੍ਹਾਂ ਜ਼ੋਰ ਅਪਣੀ ਰੈਲੀ 'ਚ ਇਕੱਠ ਕਰਨ ਲਈ ਲਾਇਆ ਜੇਕਰ ਇੰਨੀ ਮਿਹਨਤ ਉਹ ਚੋਣਾਂ ਸਮੇਂ ਕਰਦੇ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ। ਉਨ੍ਹਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਢੀਂਡਸਿਆਂ ਨੇ ਸੰਗਰੂਰ ਰੈਲੀ ਨੂੰ ਕਾਮਯਾਬ ਕਰਨ ਲਈ ਕੀ-ਕੀ ਹੱਥਕੰਡੇ ਅਪਣਾਏ ਅਤੇ ਉਨ੍ਹਾਂ ਲੋਕਾਂ ਦੀਆਂ ਵੀ ਘਰ ਜਾ ਕੇ ਤਰਲੇ ਮਿੰਨਤਾਂ ਕੀਤੀਆਂ ਜਿੱਥੇ ਨਹੀਂ ਵੀ ਜਾਣਾ ਚਾਹੀਦਾ ਸੀ ਪਰ ਫਿਰ ਵੀ ਅਕਾਲੀ ਦਲ ਦੀ ਰੈਲੀ ਦੇ ਮੁਕਾਬਲੇ ਉਹ ਲੋਕਾਂ ਦਾ ਅੱਧਾ ਇਕੱਠ ਵੀ ਨਾ ਕਰ ਸਕੇ। 

ਮਲੂਕਾ ਨੇ ਕਿਹਾ ਕਿ ਹੁਣ ਢੀਂਡਸਾ ਪਿਉ-ਪੁੱਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਪਣੀ ਮਾਂ ਪਾਰਟੀ ਤੋਂ ਅਲੱਗ ਹੋ ਕੇ ਕੋਈ ਵਿਅਕਤੀ ਕਾਮਯਾਬ ਨਹੀਂ ਹੋ ਸਕਿਆ। ਮਲੂਕਾ ਨੇ ਕਿਹਾ ਕਿ ਪਾਰਟੀ 'ਚੋਂ ਨਕਾਰੇ ਜਾਂ ਕੰਡਮ ਹੋ ਚੁੱਕੇ ਵਿਅਕਤੀ ਹੀ ਢੀਂਡਸਿਆਂ ਨਾਲ ਜਾ ਰਹੇ ਹਨ ਜਿਸ ਨਾਲ ਅਕਾਲੀ ਦਲ ਨੂੰ ਭੋਰਾ ਵੀ ਫਰਕ ਨਹੀਂ ਪਵੇਗਾ। ਇਸ ਮੌਕੇ ਰੁਪਿੰਦਰ ਸਿੰਘ ਹੈਪੀ ਰੰਧਾਵਾ ਸਰਕਲ ਭਵਾਨੀਗੜ, ਰਵਜਿੰਦਰ ਸਿੰਘ ਕਾਕੜਾ ਨੂੰ ਘਰਾਚੋਂ, ਹਰਦੇਵ ਸਿੰਘ ਕਾਲਾਝਾੜ ਨੂੰ ਨਦਾਮਪੁਰ ਸਰਕਲ ਦਾ ਜਥੇਦਾਰ ਬਣਾਇਆ ਗਿਆ। ਇਨ੍ਹਾਂ ਤੋਂ ਇਲਾਵਾ ਸੰਗਰੂਰ ਸਰਕਲ ਤੋਂ ਵੀ ਤਿੰਨ ਜਥੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਸਿਕੰਦਰ ਸਿੰਘ ਮਲੂਕਾ ਨੇ ਨਵ-ਨਿਯੁੱਕਤ ਸਰਕਲ ਜਥੇਦਾਰਾਂ ਨੂੰ ਵਧਾਈ ਦਿੱਤੀ।ਮੌਕੇ ਮਲੂਕਾ ਵਲੋਂ ਨਵ-ਨਿਯੁਕਤ ਸਰਕਲ ਜਥੇਦਾਰਾਂ ਨੂੰ ਵਧਾਈ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਦੀ ਰਾਜਨੀਤੀ 'ਚ ਵੱਡੇ ਧਮਾਕੇ ਦੇ ਆਸਾਰ, ਢੀਂਡਸਾ ਨੇ ਕੀਤੀ ਬੀਰਦਵਿੰਦਰ ਸਿੰਘ ਨਾਲ ਮੁਲਾਕਾਤ      

Gurminder Singh

This news is Content Editor Gurminder Singh