ਸੈਸ਼ਨ ਜੱਜ ਤੇ ਸੀ. ਜੇ. ਐੱਮ. ਨੇ ਕੀਤੀ ਸਿੱਧਵਾਂ ਨਹਿਰ ਦੀ ਸਫਾਈ (ਵੀਡੀਓ)

06/13/2018 3:57:07 PM

ਲੁਧਿਆਣਾ (ਅਭਿਸ਼ੇਕ) : ਜਿਵੇਂ-ਜਿਵੇਂ ਪ੍ਰਦੂਸ਼ਣ ਵਧ ਰਿਹਾ ਹੈ, ਹਵਾਵਾਂ 'ਚ ਫਿਰ ਜ਼ਹਿਰ ਘੁਲਦਾ ਜਾ ਰਿਹਾ ਹੈ। ਇਹ ਪ੍ਰਦੂਸ਼ਣ ਹੁਣ ਨਹਿਰਾਂ ਅਤੇ ਦਰਿਆਵਾਂ ਦੇ ਪਾਣੀਆਂ ਨੂੰ ਵੀ ਦੂਸ਼ਿਤ ਕਰਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਕੁਝ ਸੰਸਥਾਵਾਂ ਅਤੇ ਕੁਝ ਆਲਾ ਅਧਿਕਾਰੀ ਕਾਫੀ ਚਿੰਤਤ ਹਨ। ਇਸ ਲਈ ਉਨ੍ਹਾਂ ਨੇ ਮਿਲ ਕੇ ਸਿੱਧਵਾਂ ਨਹਿਰ ਨੂੰ ਸਫਾਈ ਦੀ ਮੁਹਿੰਮ ਤਹਿਤ ਲਿਆ ਕੇ ਨਹਿਰ ਦੀ ਸਫਾਈ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੈ। ਇਸ ਦੌਰਾਨ ਲੁਧਿਆਣਾ ਦੇ ਸੈਸ਼ਨ ਜੱਜ ਗੁਰਬੀਰ ਸਿੰਘ ਅਤੇ ਸੀ. ਜੀ. ਐੱਮ. ਸਕੱਤਰ ਮੈਡਮ ਗੁਰਪ੍ਰੀਤ ਕੌਰ ਨੇ ਖਾਸ ਤੌਰ 'ਤੇ ਸ਼ਿਰੱਕਤ ਕੀਤੀ।
ਸੈਸ਼ਨ ਜੱਜ ਗੁਰਬੀਰ ਸਿੰਘ ਨੇ ਕਿਹਾ ਕਿ ਪਾਣੀ ਦੇਵਤਾ ਹੈ ਅਤੇ ਸਾਡੀ ਗੁਰਬਾਣੀ ਵੀ ਪਾਣੀ ਨੂੰ ਪਿਤਾ ਮੰਨਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪਾਣੀ 'ਚ ਹੀ ਜ਼ਹਿਰ ਘੋਲ ਦੇਵਾਂਗੇ ਤਾਂ ਜ਼ਿੰਦਗੀ ਕਿਵੇਂ ਚੱਲੇਗੀ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਨਹਿਰਾਂ ਦੇ ਪਾਣੀਆਂ 'ਚ ਤੇਜ਼ਾਬੀ ਚੀਜਾਂ ਅਤੇ ਗੰਦਗੀ ਸੁੱਟੀ ਜਾਂਦੀ ਰਹੀ ਤਾਂ ਜਿਹੜੇ ਪਸ਼ੂ-ਪੰਛੀ ਨਹਿਰਾਂ ਦਾ ਪਾਣੀ ਪੀਂਦੇ ਹਨ, ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਖੇਤਾਂ 'ਚ ਇਨ੍ਹਾਂ ਪਾਣੀਆਂ ਨਾਲ ਸਿੰਚਾਈ ਕਰਦੇ ਹਨ ਅਤੇ ਇਸੇ ਪਾਣੀ ਤੋਂ ਪੱਕੀ ਫਸਲ ਸਾਡੇ ਤੱਕ ਪੁੱਜਦੀ ਹੈ ਤਾਂ ਸਾਨੂੰ ਵੀ ਸੌ ਬੀਮਾਰੀਆਂ ਲੱਗਦੀਆਂ ਹਨ, ਇਸ ਲਈ ਪਾਣੀਆਂ ਨੂੰ ਸੰਭਾਲਣ ਅਤੇ ਸਵੱਛ ਬਣਾਉਣ ਦੀ ਲੋੜ ਹੈ।