ਕੈਪਟਨ ਦੇ ਫੈਸਲਿਆਂ ਨੂੰ ਕੱਟਣ ਲੱਗੇ ਸਿੱਧੂ

Tuesday, Aug 08, 2017 - 07:26 AM (IST)

ਜਲੰਧਰ, (ਰਵਿੰਦਰ ਸ਼ਰਮਾ)— ਸੂਬਾ ਸਰਕਾਰ ਦੀ ਕੈਬਨਿਟ ਵਿਚ ਸਭ ਕੁੱਝ ਠੀਕ-ਠਾਕ ਨਹੀਂ ਚੱਲ ਰਿਹਾ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦਰਮਿਆਨ ਅੰਦਰਖਾਤੇ ਖੜਕ ਚੁੱਕੀ ਹੈ। ਇਹ ਆਉਣ ਵਾਲੇ ਦਿਨਾਂ ਵਿਚ  ਪੰਜਾਬ ਸਰਕਾਰ ਲਈ ਚੰਗੇ ਸੰਕੇਤ ਨਹੀਂ ਹਨ। ਭਾਜਪਾ ਛੱਡ ਕੇ ਕਾਂਗਰਸ ਦੀ ਸਟ੍ਰੀਮ ਲਾਈਨ ਵਿਚ ਹਾਈਕਮਾਨ ਦੇ ਜ਼ਰੀਏ ਪੈਰ ਜਮਾਉਣ  ਵਾਲੇ ਨਵਜੋਤ ਸਿੱਧੂ ਹੌਲੀ-ਹੌਲੀ ਜਨਤਾ ਤੇ ਪਾਰਟੀ ਵਰਕਰਾਂ ਵਿਚ ਆਪਣੀ ਪਕੜ ਬੇਹੱਦ ਮਜ਼ਬੂਤ ਬਣਾ ਰਹੇ ਹਨ। ਸਰਕਾਰ ਵਿਚ ਰਹਿੰਦਿਆਂ ਜਨਤਾ ਦੇ ਹਿੱਤ ਦੇ ਮੁੱਦੇ ਉਠਾਉਣਾ ਸਿੱਧੇ ਸਿੱਧੂ ਦੇ ਪੱਖ ਵਿਚ ਜਾ ਰਿਹਾ ਹੈ। ਉਥੇ ਇਹ ਸਾਰੀਆਂ ਗੱਲਾਂ ਕੈਪਟਨ ਦੇ ਆਲੇ-ਦੁਆਲੇ ਮੰਡਰਾਉਣ ਵਾਲੇ ਆਗੂਆਂ ਨੂੰ ਰਾਸ ਨਹੀਂ ਆ ਰਹੀਆਂ। ਸਭ ਤੋਂ ਪਹਿਲਾਂ ਫਾਸਟਵੇਅ ਮੁੱਦੇ 'ਤੇ ਸਿੱਧੂ ਤੇ ਕੈਪਟਨ ਲਾਬੀ ਆਹਮੋ-ਸਾਹਮਣੇ ਹੋ ਚੁੱਕੀ ਹੈ। ਸਿੱਧੂ ਜਿੱਥੇ ਫਾਸਟਵੇਅ ਦਾ ਬੋਰੀਆ ਬਿਸਤਰਾ ਗੋਲ ਕਰਨ ਵੱਲ ਵਧ ਰਹੇ ਹਨ, ਉਥੇ ਕੈਪਟਨ ਦੀ ਹਾਂ ਇਸ ਮਾਮਲੇ ਵਿਚ ਸਿੱਧੂ ਨੂੰ ਨਹੀਂ ਮਿਲ ਰਹੀ। ਇਸ ਗੱਲ ਨੂੰ ਲੈ ਕੇ ਸਿੱਧੂ ਖੁਸ਼ ਨਹੀਂ ਨਜ਼ਰ ਆ ਰਹੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਿੱਧੂ ਦੇ ਵਿਗੜਦੇ ਰਿਸ਼ਤਿਆਂ ਦੀ ਝਲਕ ਸੋਮਵਾਰ ਨੂੰ ਬਾਬਾ ਬਕਾਲਾ ਵਿਚ ਰੱਖੜ ਪੁੰਨਿਆ 'ਤੇ ਕਰਵਾਏ ਗਏ ਸੂਬਾ ਪੱਧਰੀ ਪ੍ਰੋਗਰਾਮ ਵਿਚ ਦੇਖਣ ਨੂੰ ਮਿਲੀ। ਇਕ ਵਾਰ ਫਿਰ ਸੂਬਾ ਪੱਧਰੀ ਪ੍ਰੋਗਰਾਮ ਵਿਚ ਸੂਬੇ ਦੇ ਮੁੱਖ ਮੰਤਰੀ ਗੈਰ-ਹਾਜ਼ਰ ਰਹੇ। ਉਥੇ ਪਾਰਟੀ ਵਲੋਂ ਕਮਾਨ ਸੰਭਾਲੀ ਫਾਇਰ ਬ੍ਰਾਂਡ ਆਗੂ ਨਵਜੋਤ ਸਿੱਧੂ ਨੇ ਨਸ਼ਿਆਂ ਨੂੰ ਲੈ ਕੇ ਅਕਾਲੀ ਆਗੂ ਬਿਕਰਮ ਮਜੀਠੀਆ 'ਤੇ ਸ਼ਬਦੀ ਬਾਣ ਚਲਾਏ ਤੇ ਨਾਲ ਹੀ ਆਪਣੇ ਹੀ ਮੁੱਖ ਮੰਤਰੀ ਦੀਆਂ ਨੀਤੀਆਂ ਨੂੰ ਵੀ ਨਹੀਂ ਛੱਡਿਆ। ਸਿੱਧੂ ਨੇ ਸਾਫ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸਨ ਦੀ ਕਮਾਨ ਉਨ੍ਹਾਂ ਦੇ ਹੱਥ ਵਿਚ ਹੁੰਦੀ ਤਾਂ ਅੱਜ ਮਜੀਠੀਆ ਜੇਲ ਵਿਚ ਹੁੰਦੇ। ਉਨ੍ਹਾਂ ਦਾ ਸਾਫ ਇਸ਼ਾਰਾ ਸੀ ਕਿ ਮਜੀਠੀਆ ਨੂੰ ਮੁੱਖ ਮੰਤਰੀ ਵਲੋਂ ਸਰਪ੍ਰਸਤੀ ਮਿਲ ਰਹੀ ਹੈ ਤਾਂ ਹੀ ਇਸ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਜਾ ਸਕਿਆ। ਸਵਾਲ ਸਿੱਧਾ ਨਸ਼ਿਆਂ 'ਤੇ ਸੀ ਕਿ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਪ੍ਰਤੀ ਮੁੱਖ ਮੰਤਰੀ ਦਾ ਰਵੱਈਆ ਢਿੱਲਾ ਹੈ। ਸਿੱਧੂ ਦਾ ਤਗੜਾ ਹਮਲਾ ਆਉਣ ਵਾਲੇ ਦਿਨਾਂ 'ਚ ਕੈਪਟਨ ਦੀਆਂ ਮੁਸੀਬਤਾਂ ਵਧਾ ਸਕਦਾ ਹੈ, ਉਥੇ ਸਿੱਧੂ ਪਾਰਟੀ ਪੱਧਰ 'ਤੇ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਬਣ ਕੇ ਉਭਰ ਰਹੇ ਹਨ।        


Related News