ਗੋਲਡੀ ਬਰਾੜ ਦੇ ਅਮਰੀਕਾ ’ਚ ਡਿਟੇਨ ਹੋਣ ਦੀ ਭਗਵੰਤ ਮਾਨ ਨੇ ਕੀਤੀ ਪੁਸ਼ਟੀ, ਕਿਹਾ ਜਲਦ ਲਿਆਵਾਂਗੇ ਵਾਪਸ

12/02/2022 1:21:11 PM

ਮਾਨਸਾ (ਵੈੱਬ ਡੈਸਕ, ਮਿੱਤਲ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਮਾਸਟਰਮਾਈਂਡ ਅਤੇ ਕਈ ਕੇਸਾਂ 'ਚ ਲੋੜੀਂਦਾ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫੋਰਨੀਆਂ ਪੁਲਸ ਵੱਲੋਂ ਡਿਟੇਨ ਕੀਤੇ ਜਾਣ ਦੀ ਜਾਣਕਾਰੀ ਵਿਚਾਲੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਬਿਆਨ ਦਿੰਦਿਆਂ ਕਿਹਾ ਕਿ ਜੇਕਰ ਗੋਲਡੀ ਬਰਾੜ ਨੂੰ ਅਸਲ 'ਚ ਡਿਟੇਨ ਕੀਤਾ ਗਿਆ ਹੈ ਤਾਂ ਮੈਂ ਇਸ ਦੀ ਸ਼ਲਾਘਾ ਕਰਦਾ ਹਾਂ। ਬਲਕੌਰ ਸਿੰਘ ਨੇ ਕਿਹਾ ਕਿ ਇਹ ਕਿੰਨੇ ਗੱਦਾਰ ਬੰਦੇ ਹਨ ਜੋ ਵਿਦੇਸ਼ ਬੈਠੇ ਆਪਣੇ ਹੀ ਮੁਲਕ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਸਰਕਾਰ ਦੀ ਇਹ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਕਿ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮੇਰਾ ਬੱਚਾ ਤਾਂ ਦੇਸ਼ ਦੀ ਸੇਵਾ ਕਰ ਰਿਹਾ ਸੀ ਅਤੇ ਜੋ ਇਹ ਸੇਵਾ ਕਰ ਰਹੇ ਹਨ ਉਨ੍ਹਾਂ ਨੂੰ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਸਾਰੀ ਦੁਨੀਆ 'ਚ ਸਾਡੇ ਦੇਸ਼ ਦੀ ਕਾਨੂੰਨੀ-ਵਿਵਸਥਾ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਬੁਰੀ ਖ਼ਬਰ, ਵਿਭਾਗ ਨੇ 3 ਮਹੀਨੇ ਲਈ ਰੱਦ ਕੀਤੀਆਂ ਇਹ 16 ਰੇਲ ਗੱਡੀਆਂ

ਸਿੱਧੂ ਦੇ ਪਿਤਾ ਨੇ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਹੈ ਕਿ ਉਨ੍ਹਾਂ ਦੀ ਵਿਸ਼ਵ 'ਚ ਬਦਨਾਮੀ ਨਾ ਹੋਵੇ ਤਾਂ ਉਨ੍ਹਾਂ ਨੂੰ ਇਹੋ ਜਿਹੇ ਦਰਿੰਦਿਆਂ ਨੂੰ ਕਾਬੂ ਕਰ ਕੇ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ। ਉਨ੍ਹਾਂ ਗਰਜ਼ਦਿਆਂ ਕਿਹਾ ਕਿ ਜਦੋਂ ਤੱਕ ਇਨਸਾਫ਼ ਅਤੇ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਮੈਂ ਟਿੱਕ ਕੇ ਨਹੀਂ ਬੈਠਾਂਗਾ ਅਤੇ ਇਸ ਲਈ ਸਰਕਾਰ ਨੂੰ ਵੀ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਇਹ ਦੋਸ਼ੀ ਬੜੇ ਤੇਜ਼ ਹਨ ਅਤੇ ਆਪਣੇ ਪਿੱਛੇ ਕੋਈ ਸੁਰਾਗ ਨਹੀਂ ਛੱਡਦੇ, ਇਸ ਲਈ ਮੈਂ ਸਰਕਾਰ ਨੂੰ ਹੋਰ ਸਮਾਂ ਦੇਣ ਲਈ ਤਿਆਰ ਹਾਂ। ਮੇਰਾ ਨਿਸ਼ਾਨੇ 'ਤੇ ਗੈਂਗਸਟਰ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆਂ ਹੈ ਅਤੇ ਮੈਂ ਇਨ੍ਹਾਂ ਦੇ ਖ਼ਿਲਾਫ਼ ਹਾਂ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਅਜਿਹੀਆਂ ਨੀਤੀਆਂ ਉਲੀਕੇ , ਜਿਸ ਨਾਲ ਇਸ ਗੈਂਗਸਟਰਵਾਦ ਦਾ ਪੂਰਾ ਸਫ਼ਾਇਆ ਹੋ ਸਕੇ। 

ਇਹ ਵੀ ਪੜ੍ਹੋ- ਨਹਿਰੂ ਪਾਰਕ ’ਚ ਨੌਜਵਾਨਾਂ ਨੇ ਤਲਵਾਰਾਂ ਲਹਿਰਾਉਂਦਿਆਂ ਕੀਤੀ ਬਦਮਾਸ਼ੀ, ਲਹੂ-ਲੁਹਾਨ ਕਰ ਦਿੱਤਾ ਨਿਗਮ ਮੁਲਾਜ਼ਮ

ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਮੈਂ ਹਿੱਕ ਠੋਕ ਕੇ ਕਹਿੰਦਾ ਹਾਂ ਕਿ ਮੇਰਾ ਪੁੱਤ ਬਿਲਕੁਲ ਬੇਕਸੂਰ ਸੀ ਤੇ ਉਹ ਆਪਣੇ ਦੇਸ਼ ਅਤੇ ਸਰਕਾਰ ਪ੍ਰਤੀ ਪੂਰਾ ਸਮਰਪਿਤ ਸੀ। ਉਹ ਬਾਹਰੋਂ ਪੈਸਾ ਲਿਆ ਕੇ ਦੇਸ਼ ਦਾ ਖ਼ਜ਼ਾਨਾ ਭਰ ਰਿਹਾ ਸੀ। ਸਿੱਧੂ ਸਰਕਾਰ ਦਾ ਕਮਾਊ ਪੁੱਤ ਸੀ ਅਤੇ ਮੈਂ ਸਰਕਾਰ ਨੂੰ ਇਹੋ ਕਹਿੰਦਾ ਹਾਂ ਕਿ ਜੇਕਰ ਇਸੇ ਤਰ੍ਹਾਂ ਕਮਾਊ ਪੁੱਤ ਮਾਰੇ ਜਾਂਦੇ ਰਹੇ ਤਾਂ ਸਰਕਾਰ ਦੀ ਬਦਨਾਮੀ ਲਗਾਤਾਰ ਹੁੰਦੀ ਰਹੇਗੀ। ਬਲਕੌਰ ਸਿੰਘ ਨੇ ਮੰਗ ਕਰਦਿਆਂ ਕਿਹਾ ਕਿ ਜੇਕਰ ਗ੍ਰਿਫ਼ਤਾਰ ਕੀਤੇ ਗੋਲਡੀ ਬਰਾੜ ਨੂੰ ਦੇਸ਼ ਲਿਆਂਦਾ ਜਾਂਦਾ ਹੈ ਤਾਂ ਇਨ੍ਹਾਂ ਸਭ ਗੈਂਗਸਟਰਾਂ ਦਾ ਨਾਰਕੋ ਟੈਸਟ ਕਰਵਾਇਆ ਜਾਵੇ ,ਸਭ ਕੁਝ ਸਾਫ਼ ਹੋ ਜਾਵੇਗਾ। ਪਤਾ ਲੱਗ ਜਾਵੇਗਾ ਕਿ ਇਨ੍ਹਾਂ ਗੈਂਗਸਟਰਾਂ ਪਿੱਛੇ ਕਿਹੜਾ ਸਿਆਸਤਦਾਨ ਜਾਂ ਵਪਾਰੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਕੁਝ ਭ੍ਰਿਸ਼ਟ ਪੁਲਸ ਵਾਲੇ ਗੈਂਗਸਟਰਾਂ ਨਾਲ ਮਿਲੇ ਹੋਏ ਹਨ ਅਤੇ ਇਨ੍ਹਾਂ ਦੀ ਸਹੀ ਪੁੱਛਗਿੱਛ ਨਹੀਂ ਹੋ ਰਹੀ ਪਰ ਹੁਣ ਪੁਲਸ ਦੀ ਸਾਰੀ ਕਾਰਵਾਈ 'ਤੇ ਧਿਆਨ ਦਿੱਤਾ ਜਾਵੇਗਾ।  

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto