ਸਿੱਧੂ ਮੂਸੇਵਾਲਾ ਨੂੰ ਭਾਈ ਲੌਂਗੋਵਾਲ ਦੀ ਚਿਤਾਵਨੀ, ਐਕਸ਼ਨ ਦੀ ਤਿਆਰੀ (ਵੀਡੀਓ)

09/21/2019 7:07:37 PM

ਨਵੀਂ ਦਿੱਲੀ/ਚੰਡੀਗੜ੍ਹ : ਗਾਇਕ ਸਿੱਧੂ ਮੂਸੇਵਾਲਾ ਵਲੋਂ ਮਾਈ ਭਾਗੋ ਜੀ ਦਾ ਨਾਂ ਇਕ ਗੀਤ ਵਿਚ ਇਸਤੇਮਾਲ ਕਰਨ ਦੇ ਮਾਮਲੇ 'ਚ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖਤ ਨੋਟਿਸ ਲਿਆ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਨੇ ਮਾਈ ਭਾਗੋ ਜੀ ਦਾ ਨਾਂ ਇਕ ਗੀਤ ਵਿਚ ਇਸਤੇਮਾਲ ਕਰਕੇ ਸਿੱਖ ਸੰਗਤ ਦੀ ਭਾਵਨਾ ਨੂੰ ਠੇਸ ਪਹੁੰਚਾਈ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਭਾਈ ਲੌਂਗੋਵਾਲ ਨੇ ਕਿਹਾ ਕਿ ਗਾਇਕਾਂ ਨੂੰ ਧਰਮ ਨਾਲ ਸੰਬੰਧਤ ਕੁਝ ਵੀ ਲਿਖਣ ਜਾਂ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। 

ਭਾਈ ਲੌਗੋਵਾਲ ਨੇ ਕਿਹਾ ਕਿ ਗਾਇਕ ਵਿਰੁੱਧ ਸ਼੍ਰੋਮਣੀ ਕਮੇਟੀ ਵੱਲੋਂ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਤੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨੂੰ ਦੋਸ਼ੀ ਗਾਇਕ ਖਿਲਾਫ ਪਰਚਾ ਦਰਜ ਕਰਨ ਲਈ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦੇ ਪਾਤਰਾਂ ਦਾ ਅਸ਼ਲੀਲ ਗੀਤਾਂ 'ਚ ਜ਼ਿਕਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਸ ਦੇ ਨਾਲ ਹੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਲੰਗਰ 'ਤੇ ਲਗਾਇਆ ਗਿਆ ਜੀ. ਐੱਸ. ਟੀ. ਤਾਂ ਵਾਪਸ ਕਰ ਦਿੱਤਾ ਗਿਆ ਸੀ ਪਰ ਪੰਜਾਬ ਸਰਕਾਰ ਨੇ ਦੋ ਸਾਲ ਦਾ ਸਮਾਂ ਗੁਜ਼ਰਨ ਦੇ ਬਾਵਜੂਦ ਵੀ ਅਜੇ ਤਕ ਲੰਗਰ ਦਾ ਜੀ.ਐੱਸ. ਟੀ. ਵਾਪਸ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਵਲੋਂ ਕਈ ਵਾਰ ਪੰਜਾਬ ਸਰਕਾਰ ਨਾਲ ਗੱਲਬਾਤ ਕੀਤੀ ਜਾ ਚੁੱਕੀ ਹੈ ਪਰ ਬਾਵਜੂਦ ਇਸ 'ਤੇ ਕਾਰਵਾਈ ਨਹੀਂ ਕੀਤੀ ਗਈ।

Gurminder Singh

This news is Content Editor Gurminder Singh