ਸਰਕਾਰੀ ਕੋਠੀ ਖਾਲੀ ਕਰਨ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ ਸਿੱਧੂ

07/21/2019 6:55:39 PM

ਅੰਮ੍ਰਿਤਸਰ-(ਮਹਿੰਦਰ)- ਕੈਬਨਿਟ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਪਾਲ ਵਲੋਂ ਮਨਜ਼ੂਰ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਸਥਿਤ ਸਰਕਾਰੀ ਕੋਠੀ ਛੱਡ ਕੇ ਆਖਿਰ ਸਥਾਨਕ ਹੋਲੀ ਸਿਟੀ ਸਥਿਤ ਆਪਣੇ ਘਰ ਵਾਪਸ ਆ ਗਏ। ਆਪਣੇ ਘਰ ਪੁੱਜੇ ਸਿੱਧੂ ਦੇ ਚਿਹਰੇ 'ਤੇ ਨਿਰਾਸ਼ਾ ਸਾਫ ਝਲਕ ਰਹੀ ਸੀ ਅਤੇ ਉਨ੍ਹਾਂ ਨੇ ਮੀਡੀਆ ਨਾਲ ਕੋਈ ਵੀ ਗੱਲ ਕਰਨ ਦੀ ਬਜਾਏ ਦੂਰੀ ਹੀ ਬਣਾਈ ਰੱਖੀ। ਉਹ ਗੱਡੀ ਵਿਚੋਂ ਉਤਰ ਕੇ ਸਿੱਧੇ ਘਰ ਅੰਦਰ ਚਲੇ ਗਏ।

ਅਸਤੀਫਾ ਦੇਣ ਤੋਂ ਬਾਅਦ ਸਿੱਧੂ ਨੇ ਆਪਣੇ ਨਿੱਜੀ ਤੇ ਸਿਆਸੀ ਸਹਾਇਕਾਂ ਨੂੰ ਪਹਿਲਾਂ ਹੀ ਛੁੱਟੀ 'ਤੇ ਭੇਜ ਦਿੱਤਾ ਸੀ। ਇਸ ਕਾਰਣ ਉਨ੍ਹਾਂ ਦੇ ਘਰ ਦੇ ਅੰਦਰ ਤੇ ਬਾਹਰ ਸੰਨਾਟਾ ਛਾਇਆ ਹੋਇਆ ਸੀ। ਸਿਵਾਏ ਉਨ੍ਹਾਂ ਦੀ ਸਕਿਓਰਿਟੀ ਤੋਂ ਇਲਾਵਾ ਇਥੇ ਕਾਂਗਰਸ ਦਾ ਕੋਈ ਨੇਤਾ ਜਾਂ ਵਰਕਰ ਦਿਖਾਈ ਨਹੀਂ ਦੇ ਰਿਹਾ ਸੀ। ਅਜਿਹਾ ਲੱਗ ਰਿਹਾ ਸੀ ਕਿ ਉਹ ਸ਼ਾਇਦ ਸਿਆਸੀ ਗਲਿਆਰੇ ਵਿਚ ਕਿਤੇ ਨਾ ਕਿਤੇ ਇਕੱਲੇ ਰਹਿ ਗਏ ਹਨ।

Karan Kumar

This news is Content Editor Karan Kumar