ਕਾਲਜ ਦੀ ਮੈੱਸ ''ਚ ਬਣਿਆ ਖਾਣਾ ਖਾ ਕੇ ਬੀਮਾਰ ਹੋਈਆਂ ਵਿਦਿਆਰਥਣਾਂ

03/23/2018 8:10:55 AM

ਸ੍ਰੀ ਮੁਕਤਸਰ ਸਾਹਿਬ (ਪਵਨ) - ਸਥਾਨਕ ਫਿਰੋਜ਼ਪੁਰ ਰੋਡ 'ਤੇ ਸਥਿਤ ਮਾਈ ਭਾਗੋ ਆਯੁਰਵੈਦਿਕ ਕਾਲਜ ਵਿਚ ਹੋਸਟਲ 'ਚ ਰਹਿੰਦੀਆਂ ਲਗਭਗ ਸਾਰੀਆਂ ਵਿਦਿਆਰਥਣਾਂ ਕਾਲਜ ਦੀ ਮੈੱਸ ਵਿਚ ਤਿਆਰ ਖਾਣਾ ਖਾਣ ਕਰ ਕੇ ਬੀਮਾਰ ਹੋ ਗਈਆਂ, ਜਿਸ 'ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਮੌਕੇ 'ਤੇ ਪਹੁੰਚ ਕੇ ਇਸ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਵਿਦਿਆਰਥਣਾਂ ਨੇ ਦੱਸਿਆ ਕਿ ਉਹ 21 ਮਾਰਚ ਨੂੰ ਸਵੇਰੇ ਕਰੀਬ 9:00 ਵਜੇ ਮੈੱਸ 'ਚੋਂ ਖਾਣਾ ਖਾਣ ਉਪਰੰਤ ਬੀਮਾਰ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਬਾਅਦ 'ਚ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਬੀਮਾਰ ਹੋਈਆਂ। ਪਹਿਲੇ ਦਿਨ ਕਾਲਜ ਪ੍ਰਬੰਧਕਾਂ ਵੱਲੋਂ ਇਸ ਬਾਰੇ ਪ੍ਰਸ਼ਾਸਨ ਆਦਿ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਅੱਜ 22 ਮਾਰਚ ਨੂੰ ਦੂਸਰੇ ਦਿਨ ਵਿਦਿਆਰਥਣਾਂ ਨੇ ਕਿਸੇ ਤਰੀਕੇ ਪੱਤਰਕਾਰਾਂ ਨੂੰ ਇਸ ਬਾਰੇ ਸੂਚਨਾ ਦਿੱਤੀ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਵਿਦਿਆਰਥਣਾਂ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸੰਸਥਾ ਦੇ ਦਬਾਅ ਕਾਰਨ ਅਸੀਂ ਆਪਣੀ ਪਛਾਣ ਜ਼ਾਹਰ ਨਹੀਂ ਕਰ ਸਕਦੀਆਂ ਪਰ ਕਾਲਜ ਦੀਆਂ ਕਰੀਬ ਸਾਰੀਆਂ ਹੀ ਵਿਦਿਆਰਥਣਾਂ ਨੂੰ ਖਾਣਾ ਖਾਣ ਉਪਰੰਤ ਤਕਲੀਫ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਲਜ 'ਚ ਸਾਨੂੰ ਕੋਈ ਦਵਾਈ ਵੀ ਦਿੱਤੀ ਗਈ। ਇਸ ਬਾਰੇ ਕਾਲਜ ਦੇ ਡਾਕਟਰ ਰਮਨ ਸ਼ਰਮਾ ਨੇ ਦੱਸਿਆ ਕਿ ਵਿਦਿਆਰਥਣਾਂ ਨੂੰ ਖਾਣਾ ਖਾਣ ਉਪਰੰਤ, ਜੋ ਤਕਲੀਫ ਆਈ ਹੈ, ਉਸ ਸਬੰਧੀ 29 ਵਿਦਿਆਰਥਣਾਂ ਦਾ ਚੈੱਕਅਪ ਕਰਨ ਬਾਅਦ ਦਵਾਈ ਦਿੱਤੀ ਗਈ ਹੈ। ਮੇਰੇ ਤੋਂ ਇਲਾਵਾ ਡਾ. ਸ਼ੈਲੀ ਨੇ ਵੀ ਵਿਦਿਆਰਥਣਾਂ ਦਾ ਇਲਾਜ ਕੀਤਾ ਹੈ, ਜਿਸ ਦੀ ਗਿਣਤੀ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ।
ਸੂਚਨਾ ਮਿਲਣ 'ਤੇ ਸਿਹਤ ਵਿਭਾਗ ਦੀ ਇਕ ਟੀਮ ਡਾ. ਸਤੀਸ਼ ਗੋਇਲ ਡਿਪਟੀ ਮੈਡੀਕਲ ਕਮਿਸ਼ਨਰ ਦੀ ਅਗਵਾਈ 'ਚ ਕਾਲਜ ਪਹੁੰਚੀ। ਇਸ ਟੀਮ 'ਚ ਡਾ. ਗੁਰਿੰਦਰ ਕੌਰ ਐੱਮ. ਡੀ., ਡਾ. ਕੀਮਤੀ ਲਾਲ, ਤਰੁਣ ਬਾਂਸਲ ਜ਼ਿਲਾ ਫੂਡ ਸੇਫਟੀ ਅਫਸਰ, ਸੁਖਮੰਦਰ ਸਿੰਘ ਮਾਸ ਮੀਡੀਆ ਅਫਸਰ ਵੀ ਸ਼ਾਮਲ ਸਨ।
ਇਸ ਦੌਰਾਨ ਟੀਮ ਨੇ ਪਾਣੀ, ਆਲੂ, ਆਟਾ, ਹਲਦੀ ਅਤੇ ਦਹੀਂ ਦੇ ਸੈਂਪਲ ਭਰ ਕੇ ਉਨ੍ਹਾਂ ਦੀ ਜਾਂਚ ਲਈ ਸਬੰਧਤ ਵਿਭਾਗ ਦੀ ਲੈਬਾਰਟਰੀ 'ਚ ਭੇਜ ਦਿੱਤੇ। ਹੋਰ ਤੱਥਾਂ ਦੀ ਜਾਣਕਾਰੀ ਲੈਣ ਵਾਸਤੇ ਟੀਮ ਕਾਲਜ ਦੇ ਪਿੰ੍ਰਸੀਪਲ ਦੇ ਦਫਤਰ ਵਿਚ ਗਈ ਅਤੇ ਵਿਦਿਆਰਥਣਾਂ ਦੇ ਇਲਾਜ ਸਬੰਧੀ ਰਜਿਸਟਰ ਵਿਖਾਉਣ ਵਾਸਤੇ ਕਿਹਾ। ਲਗਭਗ ਡੇਢ ਘੰਟਾ ਬੀਤਣ 'ਤੇ ਵੀ ਉਕਤ ਰਜਿਸਟਰ ਟੀਮ ਕੋਲ ਨਹੀਂ ਪੁੱਜਾ, ਜਿਸ 'ਤੇ ਪੱਤਰਕਾਰਾਂ ਨੇ ਟੀਮ ਦੇ ਮੁਖੀ ਡਾ. ਸਤੀਸ਼ ਗੋਇਲ ਨੂੰ ਇਸ ਬਾਰੇ ਪੁੱਛਿਆ ਕਿ ਸਿਰਫ 50 ਗਜ਼ ਦੀ ਦੂਰੀ 'ਤੇ ਰਜਿਸਟਰ ਪਿਆ ਹੈ ਪਰ ਇਨ੍ਹਾਂ ਸਮਾਂ ਕਿਸ ਕਰ ਕੇ ਲਾਇਆ ਜਾ ਕਿਹਾ ਹੈ। ਇਸ 'ਤੇ ਉਹ ਕੋਈ ਤਸ਼ੱਲੀਬਖਸ਼ ਜਵਾਬ ਨਾ ਦੇ ਸਕੇ।
ਮੌਕੇ 'ਤੇ ਹਾਜ਼ਰ ਕੁਝ ਕਾਲਜ ਵਿਦਿਆਰਥਣਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਤੁਸੀਂ ਖੁਦ ਹੀ ਵੇਖ ਲਵੋ ਕਿ ਜਾਂਚ ਕਿਸ ਤਰ੍ਹਾਂ ਦੀ ਚੱਲ ਰਹੀ ਹੈ। ਜਦ ਸਿਹਤ ਵਿਭਾਗ ਹੀ ਕੁਝ ਕਰਨ ਲਈ ਤਿਆਰ ਨਹੀਂ ਤਾਂ ਸਾਡਾ ਰੱਬ ਹੀ ਰਾਖਾ ਹੈ। ਉੱਧਰ ਕਾਲਜ ਪ੍ਰਬੰਧਕ ਵੀ ਇਸ ਘਟਨਾ ਬਾਰੇ ਪੱਤਰਕਾਰਾਂ ਨੂੰ ਕਝ ਵੀ ਦੱਸਣ ਤੋਂ ਪਾਸਾ ਵੱਟਦੇ ਰਹੇ।