ਦਿੱਲੀ ਮੋਰਚੇ ’ਚ ਬੀਮਾਰ ਹੋਏ ਕਿਸਾਨ ਦੀ ਇਲਾਜ ਦੌਰਾਨ ਮੌਤ

02/02/2021 11:26:42 PM

ਸਰਦੂਲਗੜ੍ਹ,(ਸਿੰਗਲਾ)- ਸਬ-ਡਵੀਜ਼ਨ ਸਰਦੂਲਗੜ੍ਹ ਦੇ ਪਿੰਡ ਟਿੱਬੀ ਹਰੀ ਸਿੰਘ ਦੇ ਕਿਸਾਨ ਦੀ ਦਿੱਲੀ ਧਰਨੇ ਦੌਰਾਨ ਬੀਮਾਰ ਹੋਣ ਤੋਂ ਬਾਅਦ ਹਸਪਤਾਲ ’ਚ ਇਲਾਜ ਸਮੇਂ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਤੇਜ ਸਿੰਘ ਨੇ ਦੱਸਿਆ ਕਿ ਪਿੰਡ ਟਿੱਬੀ ਹਰੀ ਸਿੰਘ ਦਾ ਕਿਸਾਨ ਬੂਟਾ ਸਿੰਘ (70) ਪੁੱਤਰ ਚਤਰ ਸਿੰਘ ਪਿਛਲੇ ਇਕ ਮਹੀਨੇ ਤੋਂ ਦਿੱਲੀ ਟਿੱਕਰੀ ਬਾਰਡਰ ’ਤੇ ਕਿਸਾਨੀ ਸੰਘਰਸ਼ ’ਚ ਡਟਿਆ ਹੋਇਆ ਸੀ।
ਕਿਸਾਨ ਬੂਟਾ ਸਿੰਘ 26 ਜਨਵਰੀ ਨੂੰ ਠੰਡ ਲੱਗਣ ਕਰ ਕੇ ਬੀਮਾਰ ਹੋ ਗਿਆ ਸੀ, ਜਦ ਉਹ ਮੋਰਚੇ ’ਚ ਠੀਕ ਨਾ ਹੋਇਆ ਤਾਂ ਪਿੰਡ ਦੇ ਕੁਝ ਸਾਥੀ ਕਿਸਾਨਾਂ ਨੇ ਉਸ ਨੂੰ ਪਿੰਡ ਲਿਆਂਦਾ ਸੀ। ਉਸ ਨੂੰ ਇਲਾਜ ਲਈ ਸਰਦੂਲਗੜ੍ਹ ਦੇ ਇਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਸੀ। ਇਲਾਜ ਦੌਰਾਨ ਬੂਟਾ ਸਿੰਘ ਦੀ ਮੌਤ ਹੋ ਗਈ। ਸਮੂਹ ਪਿੰਡ ਵਾਸੀਆਂ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆ ਦੇ ਆਗੂਆਂ ਅਤੇ ਵਰਕਰਾਂ ਨੇ ਉਸ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ। ਉਸ ਦੇ ਜੱਦੀ ਪਿੰਡ ਟਿੱਬੀ ਹਰੀ ਸਿੰਘ (ਮਾਨਸਾ) ਵਿਖੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
 

Bharat Thapa

This news is Content Editor Bharat Thapa