ਸਿਆਚਿਨ ''ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਲਈ ਸਰਕਾਰ ਦਾ ਵੱਡਾ ਐਲਾਨ

11/21/2019 10:09:29 AM

ਜਲੰਧਰ/ਚੰਡੀਗੜ੍ਹ, (ਧਵਨ,ਅਸ਼ਵਨੀ)- ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਲੱਦਾਖ ’ਚ ਸਿਆਚਿਨ ਗਲੇਸ਼ੀਅਰ ਵਿਚ 2 ਦਿਨ ਪਹਿਲਾਂ ਬਰਫ ਹੇਠਾਂ ਆਉਣ ਨਾਲ 3 ਪੰਜਾਬੀਆਂ ਦੀ ਹੋਈ ਦਰਦਨਾਕ ਮੌਤ ’ਤੇ ਡੂੰਘਾ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਨਾਲ ਦੁੱਖ ਦੀ ਘੜੀ ’ਚ ਪੂਰੀ ਪੰਜਾਬ ਸਰਕਾਰ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਹਰ ਸ਼ਹੀਦ ਦੇ ਵਾਰਿਸ ਨੂੰ 12-12 ਲੱਖ ਰੁਪਏ ਦੀ ਮਾਲੀ ਮਦਦ ਦੇਣ ਦੇ ਨਾਲ-ਨਾਲ ਸ਼ਹੀਦ ਦੇ ਵਾਰਿਸ ਜਾਂ ਪਰਿਵਾਰ ਦੇ ਕਿਸੇ ਹੋਰ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।

ਫਤਿਹਗੜ੍ਹ ਚੂੜੀਆਂ (ਗੁਰਦਾਸਪੁਰ) ਦੇ ਨਾਇਕ ਮਨਿੰਦਰ ਸਿੰਘ, ਸਿਪਾਹੀ ਵੀਰਪਾਲ ਸਿੰਘ ਵਾਸੀ ਗੁਆਰਾ ਨੇੜੇ ਮਾਲੇਰਕੋਟਲਾ (ਸੰਗਰੂਰ) ਅਤੇ ਸਿਪਾਹੀ ਡਿੰਪਲ ਕੁਮਾਰ ਵਾਸੀ ਸੈਦਾ ਨੇਡ਼ੇ ਹਾਜੀਪੁਰ (ਹੁਸ਼ਿਆਰਪੁਰ)  ਸੋਮਵਾਰ ਨੂੰ ਵਿਸ਼ਵ ਦੀ ਸਭ ਤੋਂ ਉੱਚੀ ਜੰਗ ਭੂਮੀ ’ਤੇ ਡਿਊਟੀ ਦਿੰਦੇ ਸਮੇਂ ਸ਼ਹੀਦ ਹੋ ਗਏ। ਕੈ. ਅਮਰਿੰਦਰ ਸਿਘ ਨੇ ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ 19,000 ਫੁੱਟ ਦੀ ਉਚਾਈ ’ਤੇ ਡਿਊਟੀ ਦੇਣਾ ਕੋਈ ਸੌਖਾ ਕੰਮ ਨਹੀਂ ਹੈ ਅਤੇ ਹਰ ਤਰ੍ਹਾਂ ਦੇ ਉਲਟ ਹਾਲਾਤ ਦੇ ਬਾਵਜੂਦ ਪੰਜਾਬੀ ਜਵਾਨਾਂ ਨੇ ਬਹਾਦੁਰੀ ਨਾਲ ਕੰਮ ਕਰਦਿਆਂ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ।