ਪੰਜਾਬ ਪੁਲਸ ਦਾ ਹੀ ਜਵਾਨ ਹੈ SI ਦੀ ਗੱਡੀ ''ਚ ਬੰਬ ਰਖਵਾਉਣ ਵਾਲਾ?, ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ

08/18/2022 2:30:25 AM

ਅੰਮ੍ਰਿਤਸਰ (ਜਸ਼ਨ, ਹਰਮੀਤ) : ਪੰਜਾਬ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਬੀਤੇ ਦਿਨ ਐੱਸ. ਆਈ. ਦਿਲਬਾਗ ਸਿੰਘ ਦੀ ਗੱਡੀ 'ਚ ਆਈ. ਈ. ਡੀ. ਬੰਬ ਲਗਾਉਣ ਵਾਲੇ ਦੋਵੇਂ ਮੁਲਜ਼ਮਾਂ ਨੂੰ ਪੁਲਸ ਨੇ ਦਿੱਲੀ ਹਵਾਈ ਅੱਡੇ ਤੋਂ ਕਾਬੂ ਕਰ ਲਿਆ। ਸੂਤਰਾਂ ਅਨੁਸਾਰ ਗ੍ਰਿਫ਼ਤਾਰ ਕੀਤੇ ਉਕਤ ਮੁਲਜ਼ਮ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਗੈਂਗ ਨਾਲ ਸਬੰਧ ਰੱਖਦੇ ਹਨ। ਬੰਬ ਰੱਖਣ ਵਾਲੇ ਦੋਵੇਂ ਮੁਲਜ਼ਮ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਫਤਿਹਵੀਰ ਸਿੰਘ ਤੇ ਹਰਪਾਲ ਸਿੰਘ ਵਜੋਂ ਹੋਈ ਹੈ। ਖਾਸ ਗੱਲ ਇਹ ਹੈ ਕਿ ਮੁਲਜ਼ਮ ਹਰਪਾਲ ਸਿੰਘ ਖੁਦ ਪੰਜਾਬ ਪੁਲਸ 'ਚ ਨੌਕਰੀ ਕਰਦਾ ਹੈ ਤੇ ਉਹ ਪਿਛਲੇ ਕੁਝ ਸਾਲਾਂ ਤੋਂ ਵਕੀਲ ਸੰਦੀਪ ਗੋਰਸੀ ਦੀ ਸੁਰੱਖਿਆ 'ਚ ਗੰਨਮੈਨ ਵਜੋਂ ਤਾਇਨਾਤ ਸੀ ਤੇ ਪਿਛਲੇ ਕੁਝ ਦਿਨਾਂ ਤੋਂ ਡਿਊਟੀ ਤੋਂ ਗੈਰ-ਹਾਜ਼ਰ ਸੀ।

ਇਹ ਵੀ ਪੜ੍ਹੋ : ਜੱਗੂ ਭਗਵਾਨਪੁਰੀਆ ਗੈਂਗ ਦੇ 2 ਗੈਂਗਸਟਰ ਗ੍ਰਿਫ਼ਤਾਰ, 2 ਕਿਲੋ ਹੈਰੋਇਨ ਤੇ 1 ਪਿਸਟਲ ਬਰਾਮਦ

ਪਤਾ ਲੱਗਾ ਹੈ ਕਿ ਇਹ ਮਾਮਲਾ ਹਾਈ-ਫਾਈ ਹੋਣ ਕਾਰਨ ਦੋਵੇਂ ਮੁਲਜ਼ਮ ਪੁਲਸ ਦੀ ਪਕੜ ਤੋਂ ਬੱਚਣ ਲਈ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਬੰਬ ਰੱਖਣ ਤੋਂ ਬਾਅਦ ਦਿੱਲੀ ਲਈ ਰਵਾਨਾ ਹੋ ਗਏ। ਪਤਾ ਲੱਗਾ ਹੈ ਕਿ ਫੜੇ ਗਏ ਦੋਵੇਂ ਮੁਲਜ਼ਮ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਸਭਰਾਏ ਕਲਾਂ ਦੇ ਵਸਨੀਕ ਹਨ। ਏ. ਡੀ. ਜੀ. ਪੀ. ਢੋਕੇ ਨੇ ਸਵੇਰੇ ਹੀ ਇਕ ਕਾਨਫਰੰਸ ਦੌਰਾਨ ਮੋਬਾਈਲ ਫੋਨ ਮਿਲਣ ਦੀ ਸੂਚਨਾ ਦਿੱਤੀ ਸੀ। ਫੋਰੈਂਸਿਕ ਜਾਂਚ ਦੌਰਾਨ ਉਕਤ ਮੋਬਾਈਲ ਫੋਨ ਰਾਹੀਂ ਪੁਲਸ ਨੂੰ ਕਈ ਅਜਿਹੇ ਲੀਡ ਅਤੇ ਇਨਪੁਟ ਮਿਲੇ, ਜਿਸ ਕਾਰਨ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਵਿਚ ਆ ਗਏ। ਜਾਣਕਾਰੀ ਅਨੁਸਾਰ ਪੰਜਾਬ ਪੁਲਸ ਦੀ ਐਂਟੀ-ਗੈਂਗਸਟਰ ਟੀਮ ਨੇ ਮੁਲਜ਼ਮ ਨੂੰ ਦਿੱਲੀ ਏਅਰਪੋਰਟ ਤੋਂ ਉਥੋਂ ਦੀ ਕ੍ਰਾਈਮ ਬ੍ਰਾਂਚ ਦੀ ਮਦਦ ਨਾਲ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਫਿਲਹਾਲ ਉਪਰੋਕਤ ਦੋਵੇਂ ਮੁਲਜ਼ਮਾਂ ਨੂੰ ਸਟੇਟ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ 'ਚ ਰੱਖਿਆ ਹੋਇਆ ਹੈ, ਜਿਨ੍ਹਾਂ ਕੋਲੋਂ ਰਾਤ ਭਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਵੀਰਵਾਰ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh