SI ਦੀ ਗੱਡੀ ਹੇਠਾਂ ਬੰਬ ਫਿੱਟ ਕਰਨ ਵਾਲਾ 7ਵਾਂ ਮੁਲਜ਼ਮ ਗ੍ਰਿਫ਼ਤਾਰ, ਗੈਂਗਸਟਰ ਲੰਡਾ ਨਿਕਲਿਆ ਮਾਸਟਰਮਾਈਂਡ

08/28/2022 9:37:15 AM

ਚੰਡੀਗੜ੍ਹ/ਅੰਮ੍ਰਿਤਸਰ (ਰਮਨਜੀਤ ਸਿੰਘ, ਸੰਜੀਵ) - ਅੰਮ੍ਰਿਤਸਰ ਵਿਚ ਸਬ-ਇੰਸਪੈਕਟਰ ਦੀ ਕਾਰ ਦੇ ਹੇਠਾਂ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਲਗਾਉਣ ਦੇ ਮਾਮਲੇ ਵਿਚ ਸੱਤ ਵਿਅਕਤੀਆਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਇਸ ਵਿਚ ਉਹ ਵਿਅਕਤੀ ਵੀ ਸ਼ਾਮਲ ਹੈ, ਜਿਸ ਨੇ ਆਈ. ਈ. ਡੀ. ਗੱਡੀ ਥੱਲੇ ਲਗਾਈ ਸੀ। ਇਸ ਮਾਮਲੇ ਵਿਚ ਪੰਜਾਬ ਪੁਲਸ ਦੀ ਤੁਰੰਤ ਕਾਰਵਾਈ ਨੇ ਸਰਹੱਦੀ ਸੂਬੇ ਵਿਚ ਸ਼ਾਂਤੀ ਭੰਗ ਕਰਨ ਲਈ ਕੰਮ ਕਰ ਰਹੇ ਅੱਤਵਾਦੀ-ਗੈਂਗਸਟਰਾਂ ਦੇ ਗਠਜੋੜ ਦਾ ਪਰਦਾਫ਼ਾਸ਼ ਕੀਤਾ ਹੈ। ਇਹ ਦਾਅਵਾ ਡੀ. ਜੀ. ਪੀ. ਗੌਰਵ ਯਾਦਵ ਨੇ ਕੀਤਾ ਹੈ। 

ਪੜ੍ਹੋ ਇਹ ਵੀ ਖ਼ਬਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਕੁੜੀ ਵਲੋਂ ਨ੍ਰਿਤ ਕਰਨ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ

ਉਨ੍ਹਾਂ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਮੋਟਰਾਸਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਵਾਰਦਾਤ ਦਾ ਮਾਸਟਰਮਾਈਂਡ ਕੈਨੇਡਾ ਵਿਚ ਲੁਕਿਆ ਬੈਠਾ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਦੇ ਸੀ ਬਲਾਕ ਵਿਚ ਸਥਿਤ ਐੱਸ.ਆਈ. ਦਿਲਬਾਗ ਸਿੰਘ ਦੀ ਰਿਹਾਇਸ਼ ਦੇ ਬਾਹਰ ਖੜ੍ਹੀ ਉਨ੍ਹਾਂ ਦੀ ਜੀਪ ਥੱਲੇ 16 ਅਗਸਤ ਨੂੰ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੇ ਇਕ ਆਈ.ਈ.ਡੀ. ਲਗਾਇਆ ਸੀ। ਕਾਰ ਦੇ ਹੇਠਾਂ ਪ੍ਰੀਫੈਬਰੀਕੇਟਿਡ ਆਈ.ਈ.ਡੀ. ਲਗਾਉਣ ਵਾਲੇ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਤਰਨਤਾਰਨ ਦੇ ਪਿੰਡ ਪੱਟੀ ਦੇ ਦੀਪਕ (22) ਵਜੋਂ ਹੋਈ ਹੈ, ਜਦੋਂ ਕਿ ਲੌਜਿਸਟਿਕ, ਤਕਨੀਕੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਲੇ 6 ਹੋਰ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਪਿੰਡ ਸਭਰਾ ਤਰਨਤਾਰਨ ਦੇ ਵਾਸੀ ਹਰਪਾਲ ਸਿੰਘ (ਪੰਜਾਬ ਪੁਲਸ ਵਿਚ ਕਾਂਸਟੇਬਲ) ਅਤੇ ਫ਼ਤਹਿਦੀਪ ਸਿੰਘ, ਹਰੀਕੇ ਤਰਨਤਾਰਨ ਦੇ ਵਾਸੀ ਰਜਿੰਦਰ ਕੁਮਾਰ ਉਰਫ਼ ਬਾਊ, ਭਿੱਖੀਵਿੰਡ ਦੇ ਰਹਿਣ ਵਾਲੇ ਖੁਸ਼ਹਾਲਬੀਰ ਸਿੰਘ ਉਰਫ਼ ਚਿੱਟੂ, ਵਰਿੰਦਰ ਸਿੰਘ ਉਰਫ਼ ਅੱਬੂ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਜੋਂ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ: ਨੀਰਜ ਚੋਪੜਾ ਨੇ ਡਾਇਮੰਡ ਲੀਗ ਜਿੱਤ ਰਚਿਆ ਇਤਿਹਾਸ, ਇਹ ਖਿਤਾਬ ਨੂੰ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ

ਵਰਿੰਦਰ ਅਤੇ ਗੋਪੀ, ਜੋ ਗੋਇੰਦਵਾਲ ਜੇਲ੍ਹ ਵਿਚ ਬੰਦ ਸਨ ਅਤੇ ਲੰਡਾ ਦੇ ਕਰੀਬੀ ਹਨ, ਨੇ ਨਿਰਧਾਰਤ ਥਾਂ ਤੋਂ ਆਈ.ਈ.ਡੀ. ਪ੍ਰਾਪਤ ਕਰਨ ਲਈ ਖੁਸ਼ਹਾਲਬੀਰ ਦੀ ਮਦਦ ਲਈ ਸੀ। ਪੁਲਸ ਨੇ ਮੁਲਜ਼ਮਾਂ ਕੋਲੋਂ ਦੀਪਕ ਵਲੋਂ ਆਈ.ਈ.ਡੀ. ਲਾਉਣ ਲਈ ਵਰਤਿਆ ਗਿਆ ਹੀਰੋ ਐੱਚ.ਐੱਫ਼.-100 ਮੋਟਰਸਾਈਕਲ (ਪੀ.ਬੀ. 38ਈ 2670) ਅਤੇ ਪੰਜ ਮੋਬਾਇਲ ਫੋਨ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਫ਼ਤਹਿਦੀਪ ਅਤੇ ਹਰਪਾਲ ਦੇ ਕਬਜ਼ੇ ਵਿਚੋਂ 2.52 ਲੱਖ ਰੁਪਏ ਅਤੇ 3614 ਯੂ. ਐੱਸ. ਡਾਲਰ, 220 ਯੂਰੋ, 170 ਪੌਂਡ ਅਤੇ ਪਾਸਪੋਰਟ ਬਰਾਮਦ ਕੀਤੇ ਹਨ।

ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੂੰ ਘਟਨਾ ਦੇ ਅਗਲੇਦਿਨ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਰਪਾਲ ਅਤੇ ਫ਼ਤਹਿਦੀਪ, ਜੋ ਮਾਲਦੀਵ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਦੀ ਗ੍ਰਿਫ਼ਤਾਰੀ ਨਾਲ ਇਸ ਮਾਮਲੇ ਵਿਚ ਪਹਿਲੀ ਸਫ਼ਲਤਾ ਮਿਲੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਵਿਚ ਰਜਿੰਦਰ ਬਾਊ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ, ਜੋ ਕੋਵਿਡ-19 ਟੀਕਾਕਰਨ ਸਬੰਧੀ ਸਰਟੀਫਿਕੇਟ ਨਾ ਹੋਣ ਕਰਕੇ ਭਾਰਤ ਤੋਂ ਭੱਜਣ ਵਿਚ ਅਸਫ਼ਲ ਰਹਿਣ ਤੋਂ ਬਾਅਦ ਸ਼ਿਰਡੀ ਭੱਜ ਗਿਆ ਸੀ। ਬਾਊ ਨੂੰ 20 ਅਗਸਤ ਏ. ਟੀ. ਐੱਸ. ਮੁੰਬਈ ਦੀ ਸਹਾਇਤਾ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ: 5 ਭੈਣਾਂ ਦੇ ਇਕਲੌਤੇ ਭਰਾ ਦੀ ਗੁਜਰਾਤ 'ਚ ਮੌਤ, ਵੀਡੀਓ ਬਣਾ ਮੰਗੀ ਸੀ ਮਦਦ

ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਜੇਲ੍ਹ ਦੇ ਦੋ ਕੈਦੀਆਂ ਵਰਿੰਦਰ ਅਤੇ ਗੁਰਪ੍ਰੀਤ ਦੀ ਭੂਮਿਕਾ ਦਾ ਪਤਾ ਚੱਲਿਆ, ਜਿਨ੍ਹਾਂ ਨੇ ਕੈਨੇਡਾ ਸਥਿਤ ਅੱਤਵਾਦੀ ਲਖਬੀਰ ਲੰਡਾ ਦੇ ਨਿਰਦੇਸ਼ਾਂ ’ਤੇ ਆਈ.ਈ.ਡੀ. ਪ੍ਰਾਪਤ ਕਰਨ ਅਤੇ ਇਸ ਨੂੰ ਦੀਪਕ ਅਤੇ ਉਸ ਦੇ ਸਾਥੀ ਨੂੰ ਸੌਂਪਣ ਲਈ ਖੁਸ਼ਹਾਲਬੀਰ ਚਿੱਟੂ ਅਤੇ ਫ਼ਤਹਿਦੀਪ ਦੀ ਮਦਦ ਲਈ ਸੀ। ਫਿਰ ਦੀਪਕ ਅਤੇ ਉਸਦੇ ਸਾਥੀ ਵਲੋਂ ਇਸ ਆਈ.ਈ.ਡੀ. ਨੂੰ ਸਬ ਇੰਸਪੈਕਟਰ ਦੀ ਕਾਰ ਹੇਠਾਂ ਲਗਾਇਆ ਗਿਆ। ਖੁਸ਼ਹਾਲਬੀਰ ਨੂੰ 21 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਡੀ. ਜੀ. ਪੀ. ਨੇ ਕਿਹਾ ਕਿ ਖੁਸ਼ਹਾਲਬੀਰ ਫ਼ਤਹਿਦੀਪ ਦੇ ਨਾਲ ਲੰਡਾ ਵਲੋਂ ਦੱਸੇ ਗਏ ਸਥਾਨ ਤੋਂ ਆਈ. ਈ. ਡੀ. ਲੈਣ ਲਈ ਗਿਆ ਸੀ, ਜੋ ਉਨ੍ਹਾਂ ਨੂੰ ਵੀਡੀਓ ਚੈਟ ਰਾਹੀਂ ਸਥਾਨ ’ਤੇ ਜਾਣ ਬਾਰੇ ਸਮਝਾ ਰਿਹਾ ਸੀ। 16 ਤਰੀਖ਼ ਦੀ ਸਵੇਰ ਨੂੰ ਲੰਡਾ ਦੇ ਨਿਰਦੇਸ਼ਾਂ ’ਤੇ ਹਰਪਾਲ, ਫ਼ਤਹਿਦੀਪ ਅਤੇ ਰਜਿੰਦਰ ਬਾਊ ਰਣਜੀਤ ਐਵੀਨਿਊ ਖੇਤਰ ਵਿਚ ਗਏ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਆਈ.ਈ.ਡੀ. ਦਾ ਧਮਾਕਾ ਕਰਨ ਲਈ ਸਭ ਕੁਝ ਠੀਕ ਹੈ। ਲੰਡਾ ਤਿੰਨਾਂ ਤੋਂ ਜਾਣਕਾਰੀ ਲੈ ਕੇ ਸਾਰੀ ਕਾਰਵਾਈ ਦੀ ਨਿਗਰਾਨੀ ਕਰ ਰਿਹਾ ਸੀ। ਡੀ.ਜੀ.ਪੀ. ਨੇ ਦੱਸਿਆ ਕਿ ਦੀਪਕ, ਫ਼ਤਹਿਦੀਪ, ਰਜਿੰਦਰ ਬਾਊ ਅਤੇ ਹਰਪਾਲ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਅਤੇ ਲੰਡਾ ਨੇ ਉਨ੍ਹਾਂ ਨੂੰ ਦੂਜੇ ਦੇਸ਼ਾਂ ਰਾਹੀਂ ਗੈਰ-ਕਾਨੂੰਨੀ ਤੌਰ ’ਤੇ ਵਿਦੇਸ਼ਾਂ ਖ਼ਾਸ ਕਰਕੇ ਕੈਨੇਡਾ ਵਿਚ ਵਸਾਉਣ ਦੇ ਵਾਅਦੇ ਨਾਲ ਅੱਤਵਾਦੀ ਗਤੀਵਿਧੀਆਂ ਕਰਨ ਲਈ ਪ੍ਰੇਰਿਆ ਸੀ। ਪੁਲਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਅਰੁਣ ਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੀਪਕ ਦੇ ਸਾਥੀ ਦੀ ਵੀ ਪਛਾਣ ਕਰ ਲਈ ਹੈ, ਜੋ ਕਿ ਆਈ.ਈ.ਡੀ. ਲਗਾਉਣ ਲਈ ਉਸ ਦੇ ਨਾਲ ਮੋਟਰਸਾਈਕਲ ’ਤੇ ਗਿਆ ਸੀ। ਇਸ ਤੋਂ ਇਲਾਵਾ ਮੋਟਰਸਾਈਕਲ ਦੇ ਮਾਲਕ ਅਤੇ ਮੋਟਰਸਾਈਕਲ ਦਾ ਪ੍ਰਬੰਧ ਕਰਨ ਵਾਲੇ ਵਿਅਕਤੀ ਦੀ ਪਛਾਣ ਕੀਤੀ ਜਾ ਚੁੱਕੀ ਹੈ।

ਪੜ੍ਹੋ ਇਹ ਵੀ ਖ਼ਬਰ: SMO ਦੀ ਸਰਕਾਰੀ ਰਿਹਾਇਸ਼ ਬਣੀ ਅਯਾਸ਼ੀ ਦਾ ਅੱਡਾ, ਜੋੜੇ ਦੇ ਕਮਰੇ ’ਚ ਪਾਏ ਜਾਣ ’ਤੇ ਸ਼ੁਰੂ ਹੋਈ ਵਿਭਾਗੀ ਜਾਂਚ

ਕੌਣ ਹੈ ਲੰਡਾ?
ਲਖਬੀਰ ਲੰਡਾ (33) ਤਰਨਤਾਰਨ ਦਾ ਰਹਿਣ ਵਾਲਾ ਹੈ ਅਤੇ 2017 ਵਿਚ ਕੈਨੇਡਾ ਭੱਜ ਗਿਆ ਸੀ। ਉਸ ਨੇ ਮੋਹਾਲੀ ਵਿਚ ਪੰਜਾਬ ਪੁਲਸ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਰਾਕੇਟ ਪ੍ਰੋਪੈਲਡ ਗ੍ਰੇਨੇਡ (ਆਰ.ਪੀ.ਜੀ.) ਅੱਤਵਾਦੀ ਹਮਲੇ ਦੀ ਵੀ ਸਾਜਿਸ਼ ਰਚੀ ਸੀ। ਉਹ ਪਾਕਿਸਤਾਨ ਆਧਾਰਤ ਲੋੜੀਂਦੇ ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਕਰੀਬੀ ਮੰਨਿਆ ਜਾਂਦਾ ਹੈ, ਜਿਸ ਨੇ ਬੱਬਰ ਖਾਲਸਾ ਇੰਟਰਨੈਸਨਲ (ਬੀ.ਕੇ.ਆਈ.) ਨਾਲ ਹੱਥ ਮਿਲਾਇਆ ਸੀ।

ਅਦਾਲਤ ਨੇ 4 ਦਿਨਾਂ ਦੇ ਰਿਮਾਂਡ ’ਤੇ ਭੇਜਿਆ
ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਹੇਠਾ ਬੰਬ ਫਿੱਟ ਕਰਨ ਦੇ ਮਾਮਲੇ ਵਿਚ ਪੁਲਸ ਨੇ ਪੱਟੀ ਤੋਂ ਗ੍ਰਿਫ਼ਤਾਰ ਕੀਤੇ 7ਵੇਂ ਮੁਲਜ਼ਮ ਦੀਪਕ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ 4 ਦਿਨਾਂ ਦੇ ਪੁਲਸ ਰਿਮਾਂਡ ’ਤੇ ਲੈ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ: ਸ਼ਰਮਨਾਕ: ਪਠਾਨਕੋਟ ’ਚ ਗੁੱਜਰ ਨੇ ਮਾਂ ਨਾਲ ਮਿਲ ਘਰਵਾਲੀ ਨੂੰ ਕੁੱਟ-ਕੁੱਟ ਕੀਤਾ ਅੱਧਮਰੀ, ਵੀਡੀਓ ਵਾਇਰਲ

ਦੀਪਕ ਨੂੰ ਮਿਲੀ ਸੀ ਬੰਬ ਫਿੱਟ ਕਰਨ ਦੀ ਜਿੰਮੇਵਾਰੀ
ਗ੍ਰਿਫ਼ਤਾਰ ਕੀਤੇ ਗਏ ਦੀਪਕ ਨੂੰ ਗੱਡੀ ਹੇਠਾਂ ਬੰਬ ਲਗਾਉਣ ਦੀ ਜਿੰਮੇਵਾਰੀ ਦਿੱਤੀ ਗਈ ਸੀ, ਜਿਸ ਨੇ ਦੇਰ ਰਾਤ 2 ਵਜੇ ਦੇ ਕਰੀਬ ਆਪਣੇ ਸਾਥੀ ਨਾਲ ਜਾ ਕੇ ਐੱਸ. ਆਈ. ਦਿਲਬਾਗ ਸਿੰਘ ਦੀ ਗੱਡੀ ਹੇਠਾਂ ਬੰਬ ਫਿੱਟ ਕੀਤਾ ਗਿਆ, ਜਿਸ ਤੋਂ ਬਾਅਦ ਦੋਵੇਂ ਦਿੱਲੀ ਵੱਲ ਰਵਾਨਾ ਹੋ ਗਏ। ਸਭ ਤੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹਰਪਾਲ ਸਿੰਘ ਅਤੇ ਫਤਿਹ ਸਿੰਘ ਨੇ ਦੀਪਕ ਨੂੰ ਮੋਟੀ ਰਕਮ ਦੇਣ ਦਾ ਵਾਅਦਾ ਕੀਤਾ ਸੀ।

rajwinder kaur

This news is Content Editor rajwinder kaur