550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਸ਼ੁੱਧ ਪਾਠ ਬੋਧ ਆਰੰਭ

10/02/2019 12:38:12 AM

ਸੁਲਤਾਨਪੁਰ ਲੋਧੀ, (ਸੋਢੀ)— ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਦਮਦਮੀ ਟਕਸਾਲ ਵਲੋਂ ਜਥਾ ਭਿੰਡਰਾਂ ਮਹਿਤਾ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਮਤਿ ਸਿਧਾਂਤ ਪ੍ਰਚਾਰਿਕ ਸੰਤ ਸਮਾਜ ਦੇ ਵਿਸ਼ੇਸ਼ ਸਹਿਯੋਗ ਨਾਲ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦਵਾਰਾ ਸ਼੍ਰੀ ਹੱਟ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਸ਼ੁੱਧ ਪਾਠ ਬੋਧ ਮੰਗਲਵਾਰ ਆਰੰਭ ਕਰਵਾਏ ਗਏ । ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਦੇਖ ਰੇਖ 'ਚ ਇਹ ਮਹਾਨ ਸਮਾਗਮ 1 ਅਕਤੂਬਰ ਤੋਂ 9 ਨਵੰਬਰ 2019 ਤੱਕ ਨਿਰੰਤਰ ਚੱਲਣਗੇ । ਇਸ ਸੰਬੰਧੀ ਮੰਗਲਵਾਰ ਸਮਾਗਮ ਦੀ ਆਰੰਭਤਾ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਰਾਜਦੀਪ ਸਿੰਘ ਨੇ ਅਰਦਾਸ ਕੀਤੀ ਤੇ ਉਪਰੰਤ ਪਾਵਨ ਹੁਕਮਨਾਮੇ ਤੋਂ ਬਾਅਦ ਗੁਰਬਾਣੀ ਪਾਠ ਬੋਧ ਸਮਾਗਮ ਆਰੰਭ ਕੀਤਾ ਗਿਆ ।
ਇਸ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਨੇ ਸਮਾਗਮ 'ਚ ਪੁੱਜੇ ਸੰਤਾਂ ਮਹਾਂਪੁਰਸਾਂ ਤੇ ਹੋਰ ਸ਼ਖਸ਼ੀਅਤਾਂ ਦਾ ਸਨਮਾਨ ਸਿਰੋਪਾਓ ਦੇ ਕੇ ਕੀਤਾ ਤੇ ਆਪਣੇ ਸੰਬੋਧਨ 'ਚ ਕਿਹਾ ਕਿ ਗੁਰਬਾਣੀ ਦੇ ਸ਼ੁੱਧ ਉਚਾਰਨ ਬਿਨ੍ਹਾ ਗੁਰਬਾਣੀ ਦੇ ਸਹੀ ਅਰਥਾਂ ਨੂੰ ਸਮਝਿਆ ਨਹੀਂ ਜਾ ਸਕਦਾ ਹੈ। ਇਸ ਕਰਕੇ ਬਾਣੀ ਸ਼ੁੱਧ ਉਚਾਰਨ ਅਤੇ ਸਮਝ ਨਾਲ ਪੜ੍ਹੀ ਜਾਣੀ ਚਾਹੀਦੀ ਹੈ। ਉਨਾਂ ਕਿਹਾ ਕਿ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ, ਗੁਰਬਾਣੀ ਦਾ ਸ਼ੁੱਧ ਉਚਾਰਣ ਇਕ ਮਹਾਨ ਸੇਵਾ ਹੈ, ਇਸ ਦੇ ਤੁਲ ਕੁਝ ਭੀ ਨਹੀਂ। ਇਸ ਉਦੇਸ਼ ਦੀ ਪ੍ਰਾਪਤੀ ਲਈ ਸੰਗਤ ਨੂੰ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਵਿੱਦਿਆ ਅਤੇ ਅਰਥ ਬੋਧ ਤੋਂ ਜਾਣੂ ਕਰਵਾਉਣਾ ਸਮੇਂ ਦੀ ਮੁੱਖ ਮੰਗ 'ਤੇ ਲੋੜ ਹੈ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਪੰਥਕ ਪ੍ਰਯੋਜਨ ਅਤੇ ਕੌਮੀ ਫਰਜ਼ਾਂ ਦੇ ਨਾਲ ਨਾਲ ਗੁਰਬਾਣੀ ਸੰਥਿਆ, ਪ੍ਰਚਾਰ ਅਤੇ ਪਸਾਰ ਕਰਨ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ।
ਉਹਨਾਂ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਨਾਲ ਜੋੜਣ ਦੀ ਲੋੜ 'ਤੇ ਜ਼ੋਰ ਦਿਤਾ ਅਤੇ ਦਸਿਆ ਕਿ ਇਨਾਂ ਸਮਾਗਮਾਂ ਰਾਹੀ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਤੋਂ ਇਲਾਵਾ ਨੌਜਵਾਨ ਪੀੜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਕਰਾਈ ਜਾਵੇਗੀ ਅਤੇ ਸਿੱਖ ਰਹਿਤ ਮਰਯਾਦਾ-ਸਿਧਾਂਤ ਆਦਿ ਤੋਂ ਜਾਣੂ ਕਰਾਇਆ ਜਾਵੇਗਾ। ਇਸ ਸਮੇ ਸਮਾਗਮ ਨੂੰ ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਠੱਟਾ ਵਾਲੇ, ਸੰਤ ਭਗਤ ਬਾਬਾ ਮਿਲ਼ਖਾ ਸਿੰਘ, ਸੰਤ ਬਾਬਾ ਪਾਲ ਸਿੰਘ ਪਟਿਆਲਾ, ਜਥੇ ਜਰਨੈਲ ਸਿੰਘ ਡੋਗਰਾਵਾਲ ਮੈਂਬਰ ਸ਼੍ਰੋਮਣੀ ਕਮੇਟੀ, ਜਥੇ ਜੈਮਲ ਸਿੰਘ ਸਾਬਕਾ ਮੈਬਰ ਸ਼੍ਰੋਮਣੀ ਕਮੇਟੀ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਇੰਜ. ਸਵਰਨ ਸਿੰਘ ਮੈਂਬਰ ਪੀ. ਏ. ਸੀ., ਜਥੇ ਪਰਮਿੰਦਰ ਸਿੰਘ ਖਾਲਸਾ, ਭਾਈ ਜਸਪਾਲ ਸਿੰਘ ਨੀਲਾ ਬਾਬਾ ਸੁਲਤਾਨਪੁਰ, ਭਾਈ ਅਵਤਾਰ ਸਿੰਘ, ਭਾਈ ਬਲਵਿੰਦਰ ਸਿੰਘ ਸ਼ਾਹਵਾਲਾ, ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ, ਗਿਆਨੀ ਪਰਮਿੰਦਰਪਾਲ ਸਿੰਘ ਬੁੱਟਰ, ਭਾਈ ਜੋਗਾ ਸਿੰਘ, ਜਥੇ ਤਰਲੋਚਨ ਸਿੰਘ , ਭਾਈ ਪਰਮਜੀਤ ਸਿੰਘ ਢਾਡੀ, ਭਾਈ ਲਖਵਿੰਦਰ ਸਿੰਘ ਪ੍ਰਧਾਨ ਪੰਥਕ ਇੰਟਰਨੈਸਨਲ ਦਲ, ਭਾਈ ਸੁਖਦੇਵ ਸਿੰਘ ਆਨੰਦਪੁਰ ਸਾਹਿਬ, ਗਿਆਨੀ ਜੁਗਰਾਜ ਸਿੰਘ, ਭਾਈ ਹਰਜਿੰਦਰ ਸਿੰਘ ਚੰਡੀਗੜ੍ਹ, ਭਾਈ ਮੁਖਤਾਰ ਸਿੰਘ, ਭਾਈ ਤਰਲੋਚਨ ਸਿੰਘ, ਬਾਬਾ ਅਜੀਤ ਸਿੰਘ ਸੈਫਲਾਬਾਦ, ਭਾਈ ਰੱਬ ਜੀ ਮਾਛੀਜੋਆ, ਗਿਆਨੀ ਸੁਖਜਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ ਵੈਦ, ਭਾਈ ਅਜਮੇਰ ਸਿੰਘ ਐਡੀਸਨਲ ਹੈਡ ਗ੍ਰੰਥੀ ਬੇਰ ਸਾਹਿਬ, ਬਾਬਾ ਸਤਨਾਮ ਸਿੰਘ, ਭਾਈ ਅਮਰਦੀਪ ਸਿੰਘ ਰਾਗੀ ਆਦਿ ਨੇ ਸ਼ਿਰਕਤ ਕੀਤੀ । ਉਪਰੰਤ ਭਾਈ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਗੁਰਬਾਣੀ ਪਾਠ ਬੋਧ ਸਮਾਗਮ ਰੋਜਾਨਾ ਸਵੇਰੇ 10 ਵਜੇ ਗੁਰਦੁਆਰਾ ਹੱਟ ਸਾਹਿਬ ਦੇ ਸਾਹਮਣੇ ਸਜੇ ਪੰਡਾਲ ਚ ਆਰੰਭ ਹੋਵੇਗਾ।


KamalJeet Singh

Content Editor

Related News