ਦਾਦੀ ਨੇ ਸੰਭਾਲ ਰੱਖਿਐ ''ਸ਼ੁਭਮਨ'' ਦਾ ਹਰ ਬੈਟ, ਜੱਦੀ ਪਿੰਡ ''ਚ ਖੁਸ਼ੀ ਦਾ ਮਾਹੌਲ

01/31/2018 1:07:47 PM

ਚੰਡੀਗੜ੍ਹ/ਜਲਾਲਾਬਾਦ : ਅੰਡਰ-19 ਵਰਲਡ ਕੱਪ ਦੇ ਸੈਮੀਫੀਨਲ 'ਚ ਟੀਮ ਇੰਡੀਆ ਨੇ ਪਾਕਿਸਤਾਨ ਨੂੰ 203 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਸਭ ਤੋਂ ਵੱਡੇ ਹੀਰੋ ਬਣੇ ਟੀਮ ਇੰਡੀਆ ਦਾ ਧਾਕੜ ਬੱਲੇਬਾਜ਼ ਸ਼ੁਭਮਨ ਗਿੱਲ। ਭਾਰਤ ਦੀ ਜਿੱਤ ਨਾਲ ਸ਼ੁਭਮਨ ਦੇ ਜੱਦੀ ਪਿੰਡ ਫਾਜ਼ਿਲਕਾ ਜ਼ਿਲੇ 'ਚ ਵੀ ਖੁਸ਼ੀ ਦਾ ਲਹਿਰ ਦੌੜ ਗਈ ਹੈ। ਮੰਗਲਵਾਰ ਨੂੰ ਜਦੋਂ ਸ਼ੁਭਮਨ ਨੇ ਮੈਚ ਜਿੱਤਿਆ ਤਾਂ ਫਾਜ਼ਿਲਕਾ ਦੇ ਪਿੰਡ ਜੈਮਲਵਾਲਾ 'ਚ ਦਾਦੀ ਨੇ ਮਠਿਆਈ ਵੰਡੀ। ਦਾਦੀ ਗੁਰਮੇਲ ਕੌਰ ਨੇ ਦੱਸਿਆ ਕਿ ਸ਼ੁਭਮਨ ਨੇ ਬਚਪਨ 'ਚ ਕ੍ਰਿਕਟ ਖੇਡਣ ਲਈ ਜਿੰਨੇ ਵੀ ਬੈਟ ਖਰੀਦੇ ਹਨ, ਉਹ ਸਾਰੇ ਉਸ ਨੇ ਸੰਭਾਲ ਕੇ ਰੱਖੇ ਹੋਏ ਹਨ। ਦਾਦੀ ਗੁਰਮੇਲ ਕੌਰ ਨੇ ਦੱਸਿਆ ਕਿ ਸ਼ੁਭਮਨ 3 ਸਾਲਾਂ ਦਾ ਸੀ, ਜਦੋਂ ਤੋਂ ਉਸ ਨੂੰ ਕ੍ਰਿਕਟ ਦੀ ਲਗਨ ਲੱਗ ਗਈ। ਉਹ ਜਿਵੇਂ-ਜਿਵੇਂ ਵੱਡਾ ਹੁੰਦਾ ਗਿਆ, ਦਾਦੀ ਉਸ ਵਲੋਂ ਛੱਡੇ ਗਏ ਬੈਟ 'ਤੇ ਉਸ ਦੀ ਉਮਰ ਲਿਖ ਕੇ ਉਨ੍ਹਾਂ ਨੂੰ ਸੰਭਾਲ ਕੇ ਰੱਖਦੀ ਰਹੀ।