ਖੱਡਿਆਂ ’ਚ ਬੂਟੇ ਲਾ ਕੇ ਪ੍ਰਗਟਾਇਆ ਰੋਸ

08/20/2018 5:24:54 AM

 ਰੂਪਨਗਰ,   (ਵਿਜੇ)-  ਸ਼ਹਿਰ ਵਿਚ ਸਡ਼ਕਾਂ ਦੀ ਦੁਰਦਸ਼ਾ ਨੂੰ ਲੈ ਕੇ ਲੋਕਾਂ ਨੇ ਰੋਸ  ਪ੍ਰਗਟ ਕੀਤਾ ਹੈ ਅਤੇ ਜਿਨ੍ਹਾਂ  ਸਡ਼ਕਾਂ ’ਤੇ ਖੱਡੇ ਪਏ ਹਨ, ਉਨ੍ਹਾਂ ਵਿਚ ਥੋਡ਼ੀ ਮਿੱਟੀ ਪਾ ਕੇ ਲੋਕਾਂ ਵੱਲੋਂ  ਬੂਟੇ ਲਗਾਏ ਗਏ ਤਾਂ ਕਿ ਜ਼ਿਲਾ ਪ੍ਰਸ਼ਾਸਨ, ਲੋਕ ਨਿਰਮਾਣ ਵਿਭਾਗ ਅਤੇ ਨਗਰ ਕੌਂਸਲ ਰੂਪਨਗਰ ਹੋਸ਼ ਵਿਚ ਆਏ। 
ਰੋਸ ਦਾ ਇਹ ਤਰੀਕਾ ਸਾਹਮਣੇ ਆਉਣ ’ਤੇ  ਹੋਰ ਲੋਕਾਂ ਨੇ ਇਸ ਦੀ ਪ੍ਰਸ਼ੰਸਾ ਕੀਤੀ ਅਤੇ ਪ੍ਰਸ਼ਾਸਨ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠਾ ਹੈ। ਜਿਨ੍ਹਾਂ  ਮਾਰਗਾਂ ’ਤੇ ਖੱਡੇ ਪਏ ਹੋਏ ਹਨ, ਉਨ੍ਹਾਂ ’ਤੇ ਸਕੂਲ, ਕਾਲਜ, ਹਸਪਤਾਲ ਅਤੇ ਜ਼ਰੂਰੀ ਸੇਵਾਵਾਂ ਦੇ ਸੰਸਥਾਨ ਹਨ ਅਤੇ ਲੋਕਾਂ ਦਾ ਸ਼ਹਿਰ ਵਿਚੋਂ ਗੁਜ਼ਰਨਾ ਮੁਸ਼ਕਿਲ ਹੋ ਗਿਆ ਹੈ। ਇਸ ਤੋਂ ਪਹਿਲਾਂ ਖੱਡਿਆਂ ਕਾਰਨ ਸ਼ਹਿਰ ਵਿਚ ਕਈ ਹਾਦਸੇ ਵੀ ਹੋ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਕਿ ਜ਼ਿਲਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਕਦੋਂ ਉਠੇਗਾ। 
 ®ਇਸੇ ਤਰ੍ਹਾਂ ਸਡ਼ਕਾਂ ਦੀ ਜਰਜਰ ਤੇ ਮਾਡ਼ੀ ਹਾਲਤ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੀ ਇਲਾਕਾ ਸੰਘਰਸ਼ ਕਮੇਟੀ ਸਰਕਲ ਲੋਦੀਮਾਜਰਾ ਦੇ ਪ੍ਰਧਾਨ ਨਿਰਮਲ ਸਿੰਘ ਲੋਦੀਮਾਜਰਾ, ਜਨਰਲ ਸਕੱਤਰ ਰਾਜਿੰਦਰ ਸਿੰਘ ਰਾਜੂ, ਬਲਾਕ ਸਮਿਤੀ ਮਾਸਟਰ ਅਵਤਾਰ ਸਿੰਘ, ਜਗਤਾਰ ਸਿੰਘ ਤੇ ਰਣਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਸੂਬੇ ਦੇ ਲੋਕ ਅਕਾਲੀ ਸ਼ਾਸਨ ਦੇ ਸਮੇਂ ’ਚ ਦੁਖੀ ਸਨ ਅਤੇ ਹੁਣ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਵੀ ਵਿਕਾਸ ਦਾ ਮਾਡ਼ਾ ਹਾਲ ਹੈ, ਜਿਸ ਵਿਚ ਸਡ਼ਕਾਂ ਦੀ ਦੁਰਦਸ਼ਾ ਪਹਿਲੇ ਨੰਬਰ ’ਤੇ ਹੈ। 
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕੋਲ ਸਡ਼ਕਾਂ ਦੀ ਮੁਰੰਮਤ ਲਈ ਪੈਸੇ ਨਹੀਂ ਹਨ ਤਾਂ ਉਨ੍ਹਾਂ  ਨੂੰ  ਤੋੜ  ਕੇ ਤੇ ਵਾਹੀ ਕਰ ਕੇ ਉਨ੍ਹਾਂ ਵਿਚ ਬੂਟੇ ਲਗਾ ਦਿੱਤੇ ਜਾਣ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਕਾਲਜ ਰੋਡ, ਬੇਲਾ ਚੌਕ, ਹਸਪਤਾਲ  ਰੋਡ, ਬੇਲਾ ਤੋਂ ਬਾਈਪਾਸ ਮਾਰਗ ਅਤੇ ਰਾਮਲੀਲਾ ਮੈਦਾਨ ਰੋਡ ਦੀ ਦੁਰਦਸ਼ਾ ਜਿੱਥੇ ਲੋਕਾਂ ਤੇ  ਦੁਕਾਨਦਾਰਾਂ ਲਈ ਸਮੱਸਿਆ ਬਣ ਰਹੀ ਹੈ, ਉਥੇ ਹੀ ਉਕਤ ਮਾਰਗਾਂ ਤੋਂ ਗੁਜ਼ਰਨਾ ਜੋਖਿਮ ਤੋਂ ਖਾਲੀ  ਨਹੀਂ ਹੈ। 
 ਠੇਕਿਅਾਂ ਦਾ ਕੀਤਾ ਵਿਰੋਧ
ਉਨ੍ਹਾਂ ਰੋਸ ਜਤਾਉਂਦੇ ਹੋਏ ਕਿਹਾ ਕਿ ਪੇਂਡੂ ਖੇਤਰਾਂ ਵਿਚ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹਨ  ਤੇ ਆਮਦਨ ਦੇ ਸਾਧਨ ਵਧਾਉਣ ਲਈ ਸਰਕਾਰ ਨੂੰ ਪ੍ਰਦੇਸ਼ ਦੇ ਸਾਰੇ ਸ਼ਮਸ਼ਾਨ ਘਰਾਂ  ਨੂੰ ਠੇਕੇ  ’ਤੇ ਦੇਣਾ ਚਾਹੀਦਾ ਹੈ, ਕਿਉਂਕਿ ਪਿਛਲੀ ਸਰਕਾਰ ਨੇ ਵੀ ਕਈ ਸੰਸਥਾਵਾਂ ਨੂੰ ਗਿਰਵੀ ਰੱਖ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਲਾਕਾ ਸੰਘਰਸ਼ ਕਮੇਟੀ ਸਰਕਲ ਲੋਦੀਮਾਜਰਾ ਵਲੋਂ ਬੇਲਾ ਚੌਕ-ਰੂਪਨਗਰ-ਮਾਛੀਵਾਡ਼ਾ ਮਾਰਗ ’ਤੇ ਜਰਜਰ ਸਡ਼ਕਾਂ ਦੇ ਵਿਚਕਾਰ  ਬੂਟੇ ਲਗਾਏ ਗਏ ਅਤੇ ਇਨ੍ਹਾਂ ਤੇ ਸਰਕਾਰ ਵਿਰੋਧੀ ਸਲੋਗਨ ਲਗਾਏ ਗਏ ਹਨ। ਇਸ ਮੌਕੇ ’ਤੇ ਤਜਿੰਦਰ ਸਿੰਘ ਸੋਨੀ, ਰਾਮ ਗੋਪਾਲ, ਰਾਮ ਲੋਕ, ਹਰਪ੍ਰੀਤ ਸਿੰਘ, ਸੁਖਵੀਰ ਸਿੰਘ, ਰਣਜੀਤ ਸਿੰਘ, ਸ਼ਾਮ ਸਿੰਘ, ਦਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਮੌਜੂਦ ਸਨ।