ਸ਼੍ਰੋਮਣੀ ਅਕਾਲੀ ਦਲ ਨੇ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਨੂੰ ਲੈ ਕੇ ਖੜ੍ਹੇ ਕੀਤੇ 5 ਵੱਡੇ ਸਵਾਲ

01/12/2023 12:36:22 PM

ਫਰੀਦਕੋਟ (ਚਾਵਲਾ) : ਦੇਸ਼ ਅੰਦਰ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਲਈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਲੋਂ ਸ਼ੁਰੂ ਕੀਤੀ ਗਈ ‘ਭਾਰਤ ਜੋੜੋ ਯਾਤਰਾ’ ਪੰਜਾਬ ਵਿਚ ਸ਼ੁਰੂ ਕਰਨ ਤੋਂ ਪਹਿਲਾਂ ਬੀਤੇ ਦਿਨੀਂ ਰਾਹੁਲ ਗਾਂਧੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪਣੇ ਸਿਰ ’ਤੇ ਕੇਸਰੀ ਦਸਤਾਰ ਸਜਾ ਕੇ ਨਤਮਸਤਕ ਹੋਏ। ਰਾਹੁਲ ਗਾਂਧੀ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ’ਤੇ ਵਿਰੋਧੀ ਪਾਰਟੀਆਂ ਵਲੋਂ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਫਰੀਦਕੋਟ 'ਚ ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਬੀਤੇ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਨਾਲ ਸਿੱਖ ਕੌਮ ਦੇ ਜ਼ਖ਼ਮ ਮੁੜ ਹਰੇ ਹੋਏ ਹਨ। ਉਨ੍ਹਾਂ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਨੂੰ 5 ਵੱਡੇ ਸਵਾਲ ਕਰ ਕੇ ਉਨ੍ਹਾਂ ਦਾ ਜਵਾਬ ਮੰਗਿਆ ਹੈ। 

ਇਹ ਵੀ ਪੜ੍ਹੋ- ਪੁੱਤ ਦੀ ਯਾਦ ’ਚ ਮੂਸੇਵਾਲਾ ਦੇ ਮਾਤਾ-ਪਿਤਾ ਨੇ ਚੁੱਕਿਆ ਵੱਡਾ ਕਦਮ, ਸ਼ੁਰੂ ਹੋਣਗੇ ਸਿੱਧੂ ਦੇ ‘ਲਾਈਵ ਸ਼ੋਅ ਹੋਲੋਗ੍ਰਾਮ’

ਬੰਟੀ ਰੋਮਾਣਾ ਨੇ ਪਹਿਲੇ ਸਵਾਲ ਵਿਚ ਕਿਹਾ ਕਿ ਸਿੱਖ ਕੌਮ ਜਾਣਨਾ ਚਾਹੁੰਦੀ ਹੈ ਕਿ ਰਾਹੁਲ ਗਾਂਧੀ ਜਦ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਤਾਂ ਕੀ ਉਨ੍ਹਾਂ ਉਸ ਪਾਪ ਦੀ ਮੁਆਫ਼ੀ ਮੰਗੀ, ਜਦੋਂ ਉਸ ਦੀ ਦਾਦੀ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ 'ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰ ਕੇ ਹਜ਼ਾਰਾਂ ਸਿੱਖਾਂ ਦਾ ਕਤਲ ਕਰਵਾਇਆ ਅਤੇ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਢਹਿ-ਢੇਰੀ ਕੀਤਾ? ਦੂਜੇ ਸਵਾਲ ਵਿਚ ਕਿਹਾ ਕਿ ਨਵੰਬਰ 1984 ਵਿਚ ਹੋਏ ਸਿੱਖ ਕੌਮ ਦੇ ਕਤਲੇਆਮ ਨੂੰ ਕਾਂਗਰਸ ਪਾਰਟੀ ਵਲੋਂ ਕੀਤਾ ਗਿਆ ਗੁਨਾਹ ਮੰਨ ਕੇ ਕੀ ਰਾਹੁਲ ਗਾਂਧੀ ਮੁਆਫ਼ੀ ਮੰਗਣਗੇ, ਕੀ ਰਾਹੁਲ ਗਾਂਧੀ ਉਸ ਵੇਲੇ ਰਾਜੀਵ ਗਾਂਧੀ ਵਲੋਂ ਦਿੱਤੇ ਗਏ ਬਿਆਨ ਕਿ ਜਦੋਂ ਕੋਈ ਵੱਡਾ ਦਰਖ਼ਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ, ਦੀ ਨਿਖੇਧੀ ਕਰਨਗੇ?

ਇਹ ਵੀ ਪੜ੍ਹੋ- ਇਸ਼ਕ 'ਚ ਅੰਨ੍ਹੀ ਹੋਈ ਨੇ ਪ੍ਰੇਮੀ ਨਾਲ ਮਿਲ ਕੀਤਾ ਕਾਰਾ, ਹੱਥੀਂ ਉਜਾੜ ਲਿਆ ਹੱਸਦਾ-ਖੇਡਦਾ ਪਰਿਵਾਰ

ਆਪਣੇ ਤੀਜੇ ਸਵਾਲ ’ਚ ਬੰਟੀ ਰੋਮਾਣਾ ਨੇ ਪੁੱਛਿਆ ਕਿ ਕੀ ਰਾਹੁਲ ਗਾਂਧੀ ਇੱਥੇ ਐੱਸ. ਵਾਈ. ਐੱਲ. ’ਤੇ ਆਪਣਾ ਸਟੈਂਡ ਸਪੱਸ਼ਟ ਕਰਨਗੇ? ਆਪਣੇ ਚੌਥੇ ਸਵਾਲ ਵਿਚ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਸਪੱਸ਼ਟ ਕਰਨ ਕਿ ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਉਨ੍ਹਾਂ ਦਾ ਕੀ ਸਟੈਂਡ ਹੈ? ਪੰਜਵੇਂ ਸਵਾਲ ਵਿਚ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਕੁਝ ਸਾਲ ਪਹਿਲਾਂ ਪੰਜਾਬ ਆਏ ਸਨ ਅਤੇ ਆਪਣੀ ਉਸ ਫੇਰੀ ਦੌਰਾਨ ਉਨ੍ਹਾਂ ਨੇ ਪੰਜਾਬ ਦੇ 70 ਫ਼ੀਸਦੀ ਨੌਜਵਾਨਾਂ ਨੂੰ ਨਸ਼ੇੜੀ ਦੱਸਿਆ ਸੀ, ਜਿਸ ਕਾਰਨ ਦੇਸ਼-ਵਿਦੇਸ਼ ਵਿਚ ਪੰਜਾਬ ਦੇ ਨੌਜਵਾਨਾਂ ਦੀ ਹੇਠੀ ਹੋਈ ਸੀ। ਉਨ੍ਹਾਂ ਕਿਹਾ ਕਿ ਜੇਕਰ ਰਾਹੁਲ ਗਾਂਧੀ ਦਾ ਬਿਆਨ ਸੱਚ ਸੀ ਤਾਂ ਕੀ ਉਨ੍ਹਾਂ ਦੇ ਨਾਲ ਚੱਲਦੇ ਯੂਥ ਕਾਂਗਰਸ ਦੇ ਨੌਜਵਾਨ ਨਸ਼ੇੜੀ ਹਨ? ਉਨ੍ਹਾਂ ਕਿਹਾ ਕਿ ਕੀ ਆਪਣੇ ਇਸ ਬਿਆਨ ’ਤੇ ਰਾਹੁਲ ਗਾਂਧੀ ਪੰਜਾਬ ਦੇ ਨੌਜਵਾਨਾਂ ਤੋਂ ਮੁਆਫ਼ੀ ਮੰਗਣਗੇ? ਰੋਮਾਣਾ ਨੇ ਕਿਹਾ ਕਿ ਰਾਹੁਲ ਗਾਂਧੀ ਪ੍ਰੈੱਸ ਦੇ ਮਾਧਿਆਮ ਰਾਹੀ ਉਨ੍ਹਾਂ ਦੇ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto