ਨਿਆਈ ਵਾਲੇ ਖੇਤ 'ਚ ਸੋਨਾ ਨੱਪੇ ਦਾ ਕਹਿ ਕੇ ਬਾਬਾ ਹੋਇਆ ਛੂੰ-ਮੰਤਰ, ਮਾਰੀ ਲੱਖਾਂ ਦੀ ਠੱਗੀ

08/16/2019 3:58:41 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ) - ਦੁਨੀਆਂ ਚੰਨ 'ਤੇ ਪਹੁੰਚ ਗਈ ਹੈ ਪਰ ਅੰਧ ਵਿਸ਼ਵਾਸ਼ਾਂ 'ਚ ਫਸੇ ਲੋਕ ਅਜੇ ਵੀ ਬਹੁਤ ਜ਼ਿਆਦਾ ਹਨ, ਜੋ ਪੈਸੇ ਕਮਾਉਣ ਦੇ ਚੱਕਰ 'ਚ ਆਪਣਾ ਸਭ ਕੁਝ ਗਵਾ ਲੈਂਦੇ ਹਨ। ਅਜਿਹੀ ਹੀ ਇਕ ਘਟਨਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਫੂਲੇਵਾਲਾ ਦੀ ਸਾਹਮਣੇ ਆਈ ਹੈ, ਜਿੱਥੇ ਇਕ ਠੱਗ ਬਾਬੇ ਨੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਲਈ। ਥਾਣਾ ਲੱਖੇਵਾਲੀ ਦੀ ਪੁਲਸ ਨੇ ਭਾਵੇਂ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਦੇ ਬਿਆਨਾਂ 'ਤੇ ਬਾਲਕ ਨਾਥ ਵਾਸੀ ਸਿੰਬਲੀ (ਚੰਡੀਗੜ੍ਹ) ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਪਰ ਅਜੇ ਤੱਕ ਲੁੱਟ ਦਾ ਸ਼ਿਕਾਰ ਹੋਏ ਪੀੜਤ ਪਰਿਵਾਰ ਦੇ ਹੱਥ ਕੁਝ ਨਹੀਂ ਲੱਗਾ। ਜਾਣਕਾਰੀ ਅਨੁਸਾਰ ਪਿੰਡ ਫੂਲੇਵਾਲਾ ਵਿਖੇ ਇਕ ਡੇਰੇ 'ਚ ਸਾਧ ਪਿਛਲੇ ਕਈ ਮਹੀਨਿਆਂ ਤੋਂ ਰਹਿ ਰਿਹਾ ਸੀ, ਜਿਸ 'ਚ ਗੁਰਪ੍ਰੀਤ ਵੀ ਆਉਂਦਾ-ਜਾਂਦਾ ਰਹਿੰਦਾ ਸੀ। ਉਸ ਦਾ ਮਿਲਾਪ ਉਸ ਸਾਧ ਨਾਲ ਹੋ ਗਿਆ, ਜਿਸ ਨੇ ਉਸ ਨੂੰ ਯਕੀਨ ਦਿਵਾ ਦਿੱਤਾ ਕਿ ਤੁਹਾਡੇ ਨਿਆਂਈ ਵਾਲੇ ਖੇਤ 'ਚ ਲੱਖਾਂ ਰੁਪਏ ਦਾ ਸੋਨਾ ਨੱਪਿਆ ਪਿਆ ਹੈ, ਜਿਸ ਨੂੰ ਉਹ ਕੱਢ ਦੇਵੇਗਾ। ਇਸ ਦਾ ਉਪਾਅ ਕਰਨ ਲਈ ਉਸ ਨੇ ਉਸ ਤੋਂ ਨਗਦ ਪੈਸੇ ਤੇ ਸੋਨੇ ਦੀ ਮੰਗ ਕੀਤੀ, ਜੋ ਉਸ ਨੇ ਬਾਅਦ 'ਚ ਵਾਪਸ ਕਰਨ ਦੀ ਗੱਲ ਕਹੀ। 

ਸਾਧ ਦੀਆਂ ਗੱਲਾਂ 'ਚ ਆ ਕੇ ਗੁਰਪ੍ਰੀਤ ਨੇ ਉਸ ਨੂੰ 20 ਲੱਖ ਰੁਪਏ ਤੇ 30 ਤੋਲੇ ਸੋਨਾ ਦੇ ਦਿੱਤਾ, ਜਿਸ ਨੂੰ ਲੈ ਕੇ ਸਾਧ ਉਥੋਂ ਛੂੰ-ਮੰਤਰ ਹੋ ਗਿਆ। ਜਦ ਗੁਰਪ੍ਰੀਤ ਸਿੰਘ ਨੇ ਖੇਤ 'ਚ ਜਾ ਕੇ ਉਹ ਕੁੰਜੀਆ ਵੇਖੀਆਂ, ਜਿਸ 'ਚ ਸੋਨਾ ਪਾ ਕੇ ਧਰਤੀ 'ਚ ਨੱਪਿਆ ਸੀ ਤਾਂ ਉਨ੍ਹਾਂ 'ਚੋਂ ਸੋਨਾ ਗਾਇਬ ਸੀ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੁਖੀ ਬੇਅੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਕੁਝ ਹੋਰ ਲੋਕ ਵੀ ਬਾਬੇ ਦੇ ਜਾਲ 'ਚ ਫਸੇ ਹੋਏ ਹਨ, ਜਿਨ੍ਹਾਂ ਦੀਆਂ ਹੌਲੀ-ਹੌਲੀ ਪਰਤਾਂ ਖੁੱਲ੍ਹ ਰਹੀਆਂ ਹਨ।

rajwinder kaur

This news is Content Editor rajwinder kaur