ਪਾਸਪੋਰਟ ਦੇ ਚੱਕਰਾਂ ਨੇ ਸੰਗਤ ਨੂੰ ਪਾਇਆ ਚੱਕਰਾਂ 'ਚ

11/11/2019 7:37:45 PM

ਡੇਰਾ ਬਾਬਾ ਨਾਨਕ,(ਵਤਨ):  ਡੇਰਾ ਬਾਬਾ ਨਾਨਕ ਨਾਲ ਲੱਗਦੀ ਕੌਮਾਂਤਰੀ ਸਰਹੱਦ 'ਤੇ ਅੱਜ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲਿਆਂ ਦਾ ਮੇਲਾ ਲੱਗਾ ਰਿਹਾ। ਭਾਵੇਂ 130 ਦੇ ਕਰੀਬ ਸ਼ਰਧਾਲੂਆਂ ਦੇ ਪਾਕਿਸਤਾਨ ਜਾ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਜਾਣਕਾਰੀ ਮਿਲੀ ਹੈ ਪਰ ਕੌਮਾਂਤਰੀ ਸਰਹੱਦ 'ਤੇ ਬਣੇ ਆਰਜ਼ੀ ਦਰਸ਼ਨ ਸਥੱਲ 'ਤੇ ਹਜ਼ਾਰਾਂ ਦੀ ਗਿਣਤੀ 'ਚ ਦੂਰ-ਦੁਰਾਡੇ ਤੋਂ ਪਹੁੰਚੀਆਂ ਸੰਗਤਾਂ ਦਾ ਤੀਸਰੇ ਦਿਨ ਵੀ ਮੇਲਾ ਲੱਗਾ ਰਿਹਾ। ਸਰਹੱਦ 'ਤੇ ਸਾਰਾ ਦਿਨ ਮੇਲੇ ਵਰਗਾ ਮਾਹੌਲ ਰਿਹਾ ਤੇ ਪੁਲਸ ਵੱਲੋਂ ਅੱਜ ਟ੍ਰੈਫਿਕ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਜਿਸ ਦੌਰਾਨ ਕਰਤਾਰਪੁਰ ਮਾਰਗ ਨੂੰ ਆਉਂਦੇ ਸਾਰੇ ਰਸਤਿਆਂ 'ਤੇ ਬੈਰੀਕੇਡ ਲਾ ਕੇ ਲੋਕਾਂ ਦੇ ਵਾਹਨਾਂ ਨੂੰ ਰੋਕਿਆ ਜਾਂਦਾ ਰਿਹਾ।

ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਪਾਸਪੋਰਟ ਦੇ ਚੱਕਰਾਂ ਨੇ ਸੰਗਤ ਨੂੰ ਚੱਕਰਾਂ 'ਚ ਪਾਇਆ ਹੋਇਆ ਹੈ। ਅੱਜ ਤੀਜੇ ਦਿਨ ਵੀ ਲੋਕ ਟਰੱਕਾਂ, ਬੱਸਾਂ ਤੇ ਆਪਣੇ ਨਿੱਜੀ ਵਾਹਨਾਂ 'ਤੇ ਡੇਰਾ ਬਾਬਾ ਨਾਨਕ ਵਿਖੇ ਇਸ ਆਸ ਨਾਲ ਆਏ ਕਿ ਪਾਕਿਸਤਾਨ ਵੱਲੋਂ ਪਾਸਪੋਰਟ 'ਤੇ ਅਗਾਉਂ ਅਪਲਾਈ ਕਰਨ ਦੀ ਸ਼ਰਤ ਹੱਟ ਗਈ ਹੈ ਤੇ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਆਧਾਰ ਕਾਰਡ ਵਿਖਾ ਕੇ ਵੀ ਕਰ ਸਕਦੇ ਹਨ ਪਰ ਜਦੋਂ ਉਨ੍ਹਾਂ ਨੂੰ ਇਥੇ ਆ ਕੇ ਪਤਾ ਲੱਗਾ ਕਿ ਅਜੇ ਤੱਕ ਕਿਸੇ ਵੀ ਸ਼ਰਤ 'ਚ ਕਮੀ ਨਹੀਂ ਕੀਤੀ ਗਈ ਤਾਂ ਸੰਗਤਾਂ ਮਾਯੂਸ ਨਜ਼ਰ ਆਈਆਂ। ਸੰਗਤਾਂ ਦਾ ਕਹਿਣਾ ਸੀ ਕਿ ਇਹ ਤਾਂ ਚੰਗੀ ਤਰ੍ਹਾਂ ਪ੍ਰਚਾਰਿਆ ਗਿਆ ਸੀ ਕਿ ਪਾਸਪੋਰਟ ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ ਪਰ ਅਜੇ ਇਸ ਸਬੰਧੀ ਅਮਲ ਨਹੀਂ ਹੋਇਆ ਇਹ ਨਹੀਂ ਪ੍ਰਚਾਰਿਆ ਗਿਆ, ਜਿਸ ਕਾਰਣ ਸੰਗਤਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਬਹੁਤੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾ ਕਹਿਣਾ ਸੀ ਕਿ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ ਤੇ ਪਾਸਪੋਰਟ 'ਤੇ ਅਗਾਓਂ ਅਪਲਾਈ ਕਰਨ ਦੀ ਸ਼ਰਤ ਨੂੰ ਖਤਮ ਕਰ ਦੇਣਾ ਚਾਹੀਦਾ ਹੈ।

ਦੂਜੇ ਪਾਸੇ ਅੱਜ ਵੀ ਸੰਗਤਾਂ ਦਾ ਹਜੂਮ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਪਹੁੰਚਿਆਂ ਤੇ ਲੋਕ ਕਰਤਾਰਪੁਰ ਟਰਮੀਨਲ 'ਤੇ ਸੈਲਫੀਆਂ ਲੈਂਦੇ ਦਿਖਾਈ ਦਿੱਤੇ ਤੇ ਬਹੁਤੀਆਂ ਸੰਗਤਾਂ ਨੇ ਦੂਰੋਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਧੰਨ-ਧੰਨ ਹੋਣ ਦੀ ਗੱਲ ਆਖੀ ਤੇ ਸੰਗਤਾਂ ਵੱਲੋਂ ਭਾਰਤ ਸਰਕਾਰ ਵੱਲੋਂ ਬਣਾਏ ਗਏ ਕਰਤਾਰਪੁਰ ਲਾਂਘੇ ਦੇ ਟਰਮੀਨਲ, ਨੈਸ਼ਨਲ ਹਾਈਵੇ ਦੀ ਸੜਕ ਤੇ ਪਾਕਿਸਤਾਨ ਵੱਲੋਂ ਕੀਤੇ ਪ੍ਰਬੰਧਾਂ ਦੀ ਰੱਜ ਕੇ ਸ਼ਲਾਘਾ ਕੀਤੀ ਗਈ।