ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਇੰਦੌਰ ''ਚ ਫਸੇ ਯਾਤਰੀਆਂ ਦੀ ਪੰਜਾਬ ਵਾਪਸੀ ਦਾ ਖੁੱਲਿਆ ਰਾਹ

04/20/2020 10:40:26 PM

ਫਤਹਿਗੜ ਸਾਹਿਬ,(ਬਿਪਨ) : ਦੇਸ਼ 'ਚ ਲਾਗੂ ਕੀਤੇ ਲਾਕਡਾਊਨ ਕਾਰਨ ਸ੍ਰੀ ਹਜ਼ੂਰ ਸਾਹਿਬ ਦਰਸ਼ਨਾਂ ਲਈ ਗਏ ਪੰਜਾਬ ਦੇ ਕਈ ਸ਼ਰਧਾਲੂ ਵਾਪਸੀ 'ਤੇ ਥਾਂ-ਥਾਂ ਫਸ ਗਏ ਸਨ। ਇਨਾਂ ਵਿੱਚੋਂ ਹੀ 80 ਦੇ ਕਰੀਬ ਸ਼ਰਧਾਲੂ ਇੰਦੌਰ (ਮੱਧ ਪ੍ਰਦੇਸ਼) ਵਿਖੇ ਪਿਛਲੇ ਕਈ ਦਿਨਾਂ ਤੋਂ ਫਸੇ ਹੋਏ ਸਨ, ਜਿਨਾਂ ਨੂੰ ਹਲਕਾ ਸ੍ਰੀ ਫਤਹਿਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਪੰਜਾਬ ਵਾਪਸ ਆਉਣ ਦਾ ਰਾਹ ਖੁੱਲਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਅਮਰ ਸਿੰਘ ਨੇ ਦੱਸਿਆ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤਦਿਆਂ ਹਲਕਾ ਫਤਹਿਗੜ ਸਾਹਿਬ ਨਾਲ ਸੰਬੰਧਤ 80 ਦੇ ਕਰੀਬ ਸ਼ਰਧਾਲੂ ਇੰਦੌਰ ਵਿਖੇ ਫਸ ਗਏ ਸਨ, ਇਸ ਦੌਰਾਨ ਉਨਾਂ ਨੂੰ ਪ੍ਰਸਾਸ਼ਨ ਵੱਲੋਂ ਥਾਂ-ਥਾਂ ਲਿਜਾ ਕੇ ਠਹਿਰਾਇਆ ਗਿਆ। ਇਨਾਂ ਸ਼ਰਧਾਲੂਆਂ ਵਿੱਚ ਕਈ ਬੱਚੇ, ਔਰਤਾਂ, ਬਿਮਾਰ ਅਤੇ ਬਜ਼ੁਰਗ ਸਨ, ਜਿਨਾਂ ਨੂੰ ਇਸ ਖੱਜਲ ਖੁਆਰੀ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨਾਂ ਸ਼ਰਧਾਲੂਆਂ ਨੇ ਉਨਾਂ ਨਾਲ ਸੰਪਰਕ ਕੀਤਾ ਤਾਂ ਉਨਾਂ ਨੇ ਤੁਰੰਤ ਮੱਧ ਪ੍ਰਦੇਸ਼ ਦੇ ਮੁੱਖ ਸਕੱਤਰ ਸ੍ਰ. ਇਕਬਾਲ ਸਿੰਘ ਬੈਂਸ ਨਾਲ ਗੱਲ ਕਰਕੇ ਇਨਾਂ ਦੀ ਪੰਜਾਬ ਵਾਪਸੀ ਲਈ ਰਾਹ ਖੁੱਲਵਾਇਆ।
ਡਾ. ਅਮਰ ਸਿੰਘ ਨੇ ਹਾਲੇ ਵੀ ਸ੍ਰੀ ਹਜ਼ੂਰ ਸਾਹਿਬ ਜਾਂ ਹੋਰ ਥਾਵਾਂ 'ਤੇ ਫਸੇ ਪੰਜਾਬ ਨਾਲ ਸੰਬੰਧਤ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਪੰਜਾਬ ਸਰਕਾਰ ਨਾਲ ਰਾਬਤਾ ਕਰਨ ਤਾਂ ਜੋ ਉਨਾਂ ਦੀ ਸੁਰੱਖਿਅਤ ਵਾਪਸੀ ਲਈ ਯਤਨ ਕੀਤੇ ਜਾ ਸਕਣ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ ਤਾਂ ਜੋ ਪੰਜਾਬ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਇਆ ਜਾ ਸਕੇ।

Deepak Kumar

This news is Content Editor Deepak Kumar