ਆਸਟ੍ਰੇਲੀਆ ਤੋਂ ਆਇਆ ਵਫ਼ਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ

01/12/2018 7:08:52 AM

ਅੰਮ੍ਰਿਤਸਰ  (ਦੀਪਕ/ਜ.ਬ.) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਆਸਟ੍ਰੇਲੀਆ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਇਕ ਵਫ਼ਦ ਜਿਸ ਵਿਚ ਐਜਲਾ ਓਵਨ ਚੇਅਰਪਰਸਨ ਬ੍ਰਿਸਬਨ ਸਿਟੀ ਕੌਂਸਲ, ਗੁਰਪ੍ਰੀਤ ਪਿੰਕੀ ਸਿੰਘ ਪ੍ਰਧਾਨ ਪੰਜਾਬੀ ਵੈੱਲਫੇਅਰ ਸੋਸਾਇਟੀ ਆਸਟਰੇਲੀਆ, ਪ੍ਰਨਾਮ ਸਿੰਘ ਹੇਅਰ ਟਰਿਜਲਰ ਆਸਟ੍ਰੇਲੀਅਨ ਇੰਡੀਅਨ ਹੈਰੀਟੇਜ ਵਾਰ ਮੈਮੋਰੀਅਲ ਕਮੇਟੀ ਸ਼ਾਮਲ ਸਨ, ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਲੋਈ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਉਨ੍ਹਾਂ ਨੂੰ ਇਹ ਸਨਮਾਨ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ  ਬਲਵਿੰਦਰ ਸਿੰਘ ਜੌੜਾਸਿੰਘਾ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਸ. ਜਗਜੀਤ ਸਿੰਘ ਜੱਗੀ ਨੇ ਸਾਂਝੇ ਤੌਰ 'ਤੇ ਦਿੱਤਾ। ਵਫ਼ਦ ਵਿਚ ਸ਼ਾਮਲ ਐਜਲਾ ਓਵਨ ਨੇ ਕਿਹਾ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਕੇ ਆਪਣੇ-ਆਪ ਨੂੰ ਖ਼ੁਸ਼ਕਿਸਮਤ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਮਨੁੱਖਤਾ ਦੇ ਅਧਿਆਤਮਿਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਾਂਤੀ ਪ੍ਰਾਪਤ ਹੋਈ ਹੈ। ਉਨ੍ਹਾਂ ਇਥੋਂ ਦੇ ਪ੍ਰਬੰਧ ਦੀ ਸ਼ਲਾਘਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲੇ ਸਨਮਾਨ ਲਈ ਧੰਨਵਾਦ ਕੀਤਾ।  ਇਸ ਮੌਕੇ ਐਡੀਸ਼ਨਲ ਮੈਨੇਜਰ ਸੁਖਬੀਰ ਸਿੰਘ ਅਤੇ ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ, ਸ. ਵਿਕਰਮਜੀਤ ਸਿੰਘ ਗੋਲਡੀ ਆਦਿ ਹਾਜ਼ਰ ਸਨ।