ਗੁਰੂ ਰਵਿਦਾਸ ਜੀ ਦੇ ਜੈਕਾਰਿਆਂ ਨਾਲ ਗੂੰਜਿਆਂ ਜਲੰਧਰ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ (ਤਸਵੀਰਾਂ)

02/08/2020 7:15:50 PM

ਜਲੰਧਰ (ਮਾਹੀ)—9 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 643ਵਾਂ ਪ੍ਰਕਾਸ਼ ਦਿਹਾੜਾ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ 'ਚ 9 ਫਰਵਰੀ ਨੂੰ ਰਾਜ ਪੱਧਰੀ ਸਮਾਗਮ ਸ੍ਰੀ ਗੁਰੂ ਰਵਿਦਾਸ ਭਵਨ ਲਿੰਕ ਰੋਡ ਨੇੜੇ ਟੀ-ਪੁਆਇੰਟ ਨਕੋਦਰ ਰੋਡ ਵਿਖੇ ਕੀਤਾ ਜਾ ਰਿਹਾ ਹੈ। ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਅੱਜ ਜਲੰਧਰ ਸ਼ਹਿਰ 'ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਹ ਸ਼ੋਭਾ ਸਤਿਗੂਰੂ ਰਵਿਦਾਸ ਧਾਮ ਬੂਟਾਮੰਡੀ ਤੋਂ ਸ਼ੁਰੂ ਹੋ ਕੇ ਵਾਇਆ ਗੁਰੂ ਰਵਿਦਾਸ ਚੌਕ, ਜੋਤੀ ਚੌਕ, ਮਿਲਾਪ ਚੌਕ, ਬਸਤੀ ਅੱਡਾ ਸਮੇਤ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਵਿਖੇ ਪੁੱਜ ਕੇ ਖਤਮ ਹੋਵੇਗੀ।

ਇਸ ਤੋਂ ਇਲਾਵਾ ਬਸਤੀਆਂ ਵੱਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਕੀਰਤਨ ਮੰਡਲੀਆਂ ਗੁਰਬਾਣੀ ਦੇ ਜਾਪ ਦੇ ਨਾਲ-ਨਾਲ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਣ ਕਰ ਰਹੀਆਂ ਹਨ।

ਸ੍ਰੀ ਗੁਰੂ ਰਵਿਦਾਸ ਧਾਮ ਨੂੰ ਜਿੱਥੇ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ, ਉਥੇ ਹੀ ਸ਼ੋਭਾ ਯਾਤਰਾ ਵਾਲੇ ਰਸਤਿਆਂ 'ਚ 'ਜੀ ਆਇਆਂ ਨੂੰ' ਦੇ ਹੋਰਡਿੰਗ ਵੱਡੀ ਗਿਣਤੀ 'ਚ ਲੱਗੇ ਹੋਏ ਹਨ। ਇਨ੍ਹਾਂ ਬੋਰਡਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਰਾਜਸੀ ਪਾਰਟੀਆਂ ਦੇ ਸਾਰੇ ਛੋਟੇ-ਵੱਡੇ ਆਗੂਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਸੜਕ ਦੇ ਦੋਵਾਂ ਕਿਨਾਰਿਆਂ 'ਤੇ ਭਜਨ ਮੰਡਲੀਆਂ ਵੱਲੋਂ ਵੀ ਸ਼ਬਦ ਗਾਇਨ ਕਰਨ ਲਈ ਮੰਚ ਤਿਆਰ ਕੀਤੇ ਹੋਏ ਹਨ।

 

ਸੰਤੋਖ ਸਿੰਘ ਚੌਧਰੀ ਨੇ ਸਮੂਹ ਸੰਗਤ ਨੂੰ ਦਿੱਤੀ ਵਧਾਈ
ਇਸ ਮੌਕੇ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਮੂਹ ਸੰਗਤ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੱਲ੍ਹ ਜਲੰਧਰ ਸ਼ਹਿਰ 'ਚ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਿਰਕਤ ਕਰਨਗੇ।

ਜੈਕਾਰਿਆਂ ਦੀ ਗੂੰਜ 'ਚ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੇ ਸਬੰਧ ਜਲੰਧਰ ਪੁਲਸ ਵੱਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਬਾਬੇ ਦੇ ਜਨਮ ਦਿਹਾੜੇ ਨੂੰ ਲੈ ਕੇ ਸੰਗਤ 'ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਦੌਰਾਨ ਵੱਖ-ਵੱਥ ਸੰਸਥਾਵਾਂ ਵੱਲੋਂ ਲੰਗਰ ਦੇ ਪ੍ਰਬੰਧ ਵੀ ਕੀਤੇ ਗਏ ਹਨ। ਸ਼ੋਭਾ ਯਾਤਰਾ ਦੇ ਸਬੰਧ 'ਚ ਜਲੰਧਰ ਪੁਲਸ ਵੱਲੋਂ ਰਸਤੇ ਵੀ ਡਾਇਵਰਟ ਕੀਤੇ ਗਏ ਹਨ।

ਟਰੈਫਿਕ ਪੁਲਸ ਨੇ ਹਦਾਇਤਾਂ ਜਾਰੀ ਕੀਤੀਆਂ ਹੋਈਆਾਂ ਹਨ ਅੱਜ ਲੋਕ ਰਾਤ 10 ਵਜੇ ਤੱਕ ਅਤੇ 9 ਫਰਵਰੀ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਲੰਧਰ ਸ਼ਹਿਰ ਤੋਂ ਕਪੂਰਥਲਾ ਆਉਣ-ਜਾਣ ਵਾਲੀਆਂ ਸਾਰੀਆਂ ਬੱਸਾਂ/ਹੈਵੀ ਵ੍ਹੀਕਲ ਨਕੋਦਰ ਚੌਕ, ਕਪੂਰਥਲਾ ਚੌਕ ਵਾਇਆ ਬਸਤੀ ਬਾਵਾ ਖੇਲ ਰੂਟ ਦੀ ਬਜਾਏ ਪੀ. ਏ. ਪੀ. ਚੌਕ ਵਾਇਆ ਕਰਤਾਰਪੁਰ-ਕਪੂਰਥਲਾ ਰੂਟ ਦਾ ਇਸਤੇਮਾਲ ਕਰਨਗੇ ਪਰ ਕਪੂਰਥਲਾ ਸਾਈਡ ਤੋਂ ਵਾਇਆ ਬਸਤੀ ਬਾਵਾ ਖੇਲ ਆਉਣ ਵਾਲੇ ਦੋਪਹੀਆ ਵਾਹਨ ਅਤੇ ਕਾਰਾਂ ਆਦਿ ਕਪੂਰਥਲਾ ਚੱਕ ਵਾਇਆ ਵਰਕਸ਼ਾਪ ਚੌਕ, ਮਕਸੂਦਾਂ ਚੌਕ-ਨੈਸ਼ਨਲ ਹਾਈਵੇਅ ਰੂਟ ਦਾ ਇਸਤੇਮਾਲ ਕਰ ਸਕਦੇ ਹਨ।

shivani attri

This news is Content Editor shivani attri