ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਖ਼ਿਲਾਫ਼ ਰੋਸ ਪ੍ਰਦਰਸ਼ਨ

09/22/2020 1:31:42 PM

ਸੁਲਤਾਨਪੁਰ ਲੋਧੀ (ਸੋਢੀ): ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਦੀ ਮੰਗ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁਖੀ ਭਾਈ ਸੁਖਜੀਤ ਸਿੰਘ ਖੋਸੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੁਲਤਾਨਪੁਰ ਲੋਧੀ ਦੀਆਂ ਸਿੱਖ ਸੰਗਤਾਂ ਵਲੋਂ ਮੰਗਲਵਾਰ ਸੁਲਤਾਨਪੁਰ ਲੋਧੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਮੋਟਰ ਸਾਈਕਲ ਰੋਸ ਮਾਰਚ ਕੱਢਿਆ ਗਿਆ ਤੇ ਸ਼੍ਰੋਮਣੀ ਕਮੇਟੀ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ।

ਇਹ ਵੀ ਪੜ੍ਹੋ: ਭਵਾਨੀਗੜ੍ਹ 'ਚ ਵੱਡੀ ਵਾਰਦਾਤ: ਪੈਟਰੋਲ ਪੰਪ ਦੇ ਚੌਕੀਦਾਰ ਦਾ ਬੇਰਹਿਮੀ ਨਾਲ ਕਤਲ

ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਚੌਕ 'ਚ ਸਤਿਕਾਰ ਕਮੇਟੀ ਦੇ ਆਗੂ ਭਾਈ ਗੁਰਮੀਤ ਸਿੰਘ ਸੋਢੀ ਤੇ ਭਾਈ ਨਿਸ਼ਾਨ ਸਿੰਘ ਹਜ਼ਾਰਾ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਸਿੱਖ ਨੌਜਵਾਨ ਇਕੱਠੇ ਹੋ ਕੇ ਹੱਥਾਂ 'ਚ ਕੇਸਰੀ ਝੰਡੇ ਤੇ ਬੈਨਰ ਫੜ੍ਹ ਕੇ ਸ਼੍ਰੋਮਣੀ ਕਮੇਟੀ ਖਿਲਾਫ ਨਾਅਰੇਬਾਜ਼ੀ ਕਰਦੇ ਮੋਟਰ ਸਾਈਕਲਾਂ ਤੇ ਰਵਾਨਾ ਹੋਏ, ਜਿਨ੍ਹਾਂ ਗੁਰਦੁਆਰਾ ਬੇਰ ਸਾਹਿਬ ਚੌਕ ਤੋਂ ਤਲਵੰਡੀ ਪੁਲ ਚੌਕ ਤੱਕ ਪੈਦਲ ਰੋਸ ਮਾਰਚ ਕੱਢਿਆ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਗੁਰਮੀਤ ਸਿੰਘ ਸੋਢੀ ਕਬੀਰਪੁਰ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਸਮੇਤ 10 ਸਿੱਖ ਜਥੇਬੰਦੀਆਂ ਵਲੋਂ ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਦਫਤਰ ਅੰਮ੍ਰਿਤਸਰ ਮੁਹਰੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ ਪਾਵਨ ਸਰੂਪਾਂ ਦੇ ਮਾਮਲੇ 'ਚ ਦੋਸ਼ੀ ਪਾਏ ਗਏ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕੁੜੀ ਵਲੋਂ ਜਬਰੀ ਵਿਆਹ ਦੀਆਂ ਧਮਕੀਆਂ ਤੋਂ ਪਰੇਸ਼ਾਨ ਨੌਜਵਾਨ ਫੌਜੀ ਨੇ ਕੀਤੀ ਖ਼ੁਦਕੁਸ਼ੀ

ਉਨ੍ਹਾਂ ਕਿਹਾ ਕਿ ਜਿਸ ਸ਼੍ਰੋਮਣੀ ਕਮੇਟੀ ਕੋਲੋਂ ਆਪਣੇ ਦਫਤਰਾਂ 'ਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਸਤਿਕਾਰ ਨਹੀਂ ਹੋ ਸਕਿਆ ਉਸ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ । ਉਨ੍ਹਾਂ ਦੱਸਿਆ ਕਿ ਅੱਜ 50 ਦੇ ਕਰੀਬ ਮੋਟਰ ਸਾਈਕਲਾਂ ਤੇ ਸਵਾਰ ਹੋ ਕੇ ਸਿੱਖ ਨੌਜਵਾਨ ਸੁਲਤਾਨਪੁਰ ਲੋਧੀ ਤੋਂ ਅੰਮ੍ਰਿਤਸਰ ਤੱਕ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੀਆਂ ਸੰਗਤਾਂ ਨੂੰ ਜਾਗਰੂਕ ਕਰਾਂਗੇ ਤਾਂ ਜੋ ਪਾਵਨ ਸਰੂਪ ਲਾਪਤਾ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾ ਸਕੇ।ਇਸ ਸਮੇ ਜਥੇ ਗੁਰਮੀਤ ਸਿੰਘ ਸੋਢੀ,ਭਾਈ ਕੰਵਲਜੀਤ ਸਿੰਘ ਲਾਲੀ ਸ਼ੇਰਪੁਰ ਸੱਧਾ, ਭਾਈ ਨਿਸ਼ਾਨ ਸਿੰਘ ਹਜਾਰਾ , ਭਾਈ ਗੁਰਪਤਾਪ ਸਿੰਘ ਬੂਲੇ , ਭਾਈ ਅਜੇਪਾਲ ਸਿੰਘ , ਬਾਪੂ ਅਵਤਾਰ ਸਿੰਘ , ਭਾਈ ਬਲਦੇਵ ਸਿੰਘ , ਭਾਈ ਕਮਲਜੀਤ ਸਿੰਘ ਸਵਾਲ , ਭਾਈ ਗੁਰਸੇਵਕ ਸਿੰਘ , ਭਾਈ ਨਛੱਤਰ ਸਿੰਘ ਕਬੀਰਪੁਰ , ਗੁਰਜੀਤ ਸਿੰਘ , ਪਲਵਿੰਦਰ ਸਿੰਘ ਸ਼ਿਕਾਰਪੁਰ , ਸਰਦਾਰਾ ਸਿੰਘ , ਗੁਰਸਾਹਿਬ ਸਿੰਘ ਬਾਊਪੁਰ , ਕਿਰਪਾਲ ਸਿੰਘ , ਦਾਰਾ ਸਿੰਘ ਰਾਏਵਾਲ , ਆਤਮਾ ਸਿੰਘ , ਸਤਨਾਮ ਸਿੰਘ ਕਬੀਰਪੁਰ , ਸੁਖਦੀਪ ਸਿੰਘ ਡੰਡਾਲ ,ਪਰਮਜੀਤ ਸਿੰਘ ਤੇ ਨਿਰਮਲ ਸਿੰਘ ਆਦਿ ਨੇ ਸ਼ਿਰਕਤ ਕੀਤੀ।

Shyna

This news is Content Editor Shyna