ਸ਼ੋਅਰੂਮ ’ਚ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ

08/06/2018 5:07:32 AM

ਰੂਪਨਗਰ, (ਵਿਜੇ)- ਬੇਲਾ ਰੋਡ ’ਤੇ ਇਕ ਫਾਈਨਾਂਸ ਕੰਪਨੀ ਦੇ ਸ਼ੋਅਰੂਮ ਵਿਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ, ਜਦਕਿ ਅੱਗ ਦੀ ਇਕ ਹੋਰ ਘਟਨਾ ਵਿਚ ਘਰੇਲੂ ਸਾਮਾਨ ਸਡ਼ ਕੇ ਸੁਆਹ  ਹੋ ਗਿਆ। 
ਜਾਣਕਾਰੀ ਮੁਤਾਬਕ ਬੇਲਾ ਰੋਡ ’ਤੇ ਇਕ ਫਾਈਨਾਂਸ ਕੰਪਨੀ (ਇਜ਼ੀ ਲੋਨ) ਸ਼ੋਅਰੂਮ  ’ਚ ਸਵੇਰੇ 8 ਵਜੇ ਦੇ ਕਰੀਬ ਅੱਗ ਲੱਗ ਗਈ, ਜਿਸ ਵਿਚ ਸ਼ੋਅਰੂਮ ਅੰਦਰ ਰੱਖਿਆ ਫਰਨੀਚਰ, ਪੰਜ ਮੋਟਰਸਾਈਕਲ, ਦੋ ਏ. ਸੀ., 4 ਕੰਪਿਊਟਰ ਤੇ ਹੋਰ ਸਾਮਾਨ ਸੜ ਕੇ ਸੁਅਾਹ ਹੋ ਗਿਆ। ਘਟਨਾ ਦਾ ਪਤਾ ਲੱਗਦੇ ਹੀ ਮੌਕੇ ’ਤੇ ਫਾਇਰ ਬ੍ਰਿਗੇਡ ਪਹੁੰਚ ਗਈ ਅਤੇ ਕੁਝ ਦੇਰ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਸਿਟੀ ਥਾਣਾ ਪੁਲਸ ਦੇ ਏ. ਐੱਸ. ਆਈ. ਮਹਿੰਦਰ ਸਿੰਘ ਮੁਤਾਬਕ ਅੱਗ ਦੀ ਇਸ ਘਟਨਾ ਵਿਚ ਕਰੀਬ ਦੋ ਲੱਖ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ।
ਘਰ ’ਚ ਸ਼ਾਰਟ ਸਰਕਟ ਨਾਲ ਲੱਗੀ ਅੱਗ
 ®ਦੂਜੀ ਘਟਨਾ ਬਾਰੇ ਗੁਨੀਆ ਇਨਕਲੇਵ ਦੇ ਮਕਾਨ ਨੰਬਰ 40 ਵਿਚ ਰਹਿੰਦੇ ਦਰਸ਼ਨ ਸਿੰਘ ਸੈਣੀ ਪੁੱਤਰ ਤੇਲੂ ਰਾਮ ਨੇ ਦੱਸਿਆ ਕਿ ਉਨ੍ਹਾਂ ਘਰ ਵਿਚ ਨਵਾਂ ਵਾਹਨ ਲਿਆ ਸੀ ਅਤੇ ਇਸ ਦੀ ਖੁਸ਼ੀ ਵਿਚ ਉਹ ਅੱਜ ਗਡ਼੍ਹਸ਼ੰਕਰ ਰੋਡ ’ਤੇ ਸਥਿਤ ਧਾਰਮਕ ਸਥਾਨ ’ਤੇ ਮੱਥਾ ਟੇਕਣ ਗਏ ਹੋਏ ਸਨ ਪਰ ਜਦੋਂ ਘਰ ਪਹੁੰਚ ਕੇ ਦੇਖਿਆ ਤਾਂ ਘਰ ਵਿਚ ਧੂੰਆਂ ਨਿਕਲ ਰਿਹਾ ਸੀ। ਉਪਰੰਤ ਮੌਕੇ ’ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਅਤੇ ਕੁਝ ਦੇਰ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਗਿਆ। ਇਸ ਹਾਦਸੇ ਵਿਚ ਘਰ ’ਚ ਲੱਗਾ ਏ. ਸੀ., ਫਰਨੀਚਰ ਤੇ ਪੱਖੇ ਆਦਿ ਸਡ਼ ਕੇ  ਸੁਆਹ ਹੋ ਗਏ।