ਰੱਖੜੀ ਦੇ ਤਿਉਹਾਰ ''ਤੇ ਲੋਕਾਂ ''ਚ ਦਿਖ ਰਿਹੈ ਹਿੰਦੁਸਤਾਨੀ ਜਜ਼ਬਾ

08/07/2017 2:38:18 AM

ਸੰਗਰੂਰ/ਬਰਨਾਲਾ,   (ਵਿਵੇਕ ਸਿੰਧਵਾਨੀ, ਰਵੀ) –  ਇਕ ਪਾਸੇ ਭਾਰਤ ਤੇ ਚੀਨ ਦੇ ਆਪਸੀ ਸਬੰਧਾਂ 'ਚ ਖਿੱਚੋਤਾਣ ਚੱਲ ਰਹੀ ਹੈ ਅਤੇ ਦੂਜੇ ਪਾਸੇ ਚੀਨ 'ਚ ਬਣਨ ਵਾਲੇ ਉਤਪਾਦਾਂ ਨੇ ਭਾਰਤ ਦੇ ਬਾਜ਼ਾਰ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਰੱਖਿਆ ਹੈ ਪਰ ਇਸ ਵਾਰ ਜਿਥੇ ਸੀਮਾ 'ਤੇ ਭਾਰਤੀ ਫੌਜ ਚੀਨ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਹੈ, ਉਥੇ ਹੀ ਸੀਮਾ ਦੇ ਅੰਦਰ ਦੇਸ਼ ਦੀਆਂ ਭੈਣਾਂ ਵੀ ਭਾਰਤੀ ਫੌਜ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀਆ ਹੋ ਗਈਆਂ ਹਨ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 'ਮਨ ਕੀ ਬਾਤ' ਪ੍ਰੋਗਰਾਮ ਰਾਹੀਂ ਲੋਕਾਂ ਨੂੰ ਸਵਦੇਸ਼ੀ ਮਾਲ ਖਰੀਦਣ ਦੀ ਅਪੀਲ ਦਾ ਵੀ ਲੋਕਾਂ 'ਤੇ ਅਸਰ ਹੋਇਆ ਜਾਪ ਰਿਹਾ ਹੈ। ਭਾਵੇਂ ਦੁਕਾਨਦਾਰਾਂ ਵਲੋਂ ਚਾਈਨੀਜ਼ ਰੱਖੜੀ ਮੰਗਵਾਈ ਹੋਈ ਹੈ ਪਰ ਭੈਣਾਂ ਵਲੋਂ ਭਾਰਤ ਵਿਚ ਹੀ ਤਿਆਰ ਕੀਤੀਆਂ ਗਈਆਂ ਰੱਖੜੀਆਂ ਖਰੀਦਣ ਨੂੰ ਪਹਿਲ ਦਿੱਤੀ ਜਾ ਰਹੀ ਹੈ ਪਰ ਲੋਕਾਂ ਨੂੰ ਭਾਰਤੀ ਅਤੇ ਚੀਨ ਦੇ ਮਾਲ ਵਿਚ ਫਰਕ ਕਰਨ ਵਿਚ ਵੀ ਦਿੱਕਤ ਆ ਰਹੀ ਹੈ।
ਇਕ ਦੁਕਾਨਦਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਰੱਖੜੀ ਦਾ ਸਾਰਾ ਰਾਅ ਮਟੀਰੀਅਲ ਚੀਨ ਤੋਂ ਹੀ ਆਉਂਦਾ ਹੈ ਤੇ ਭਾਰਤ ਵਿਚ ਕੰਪਨੀਆਂ ਆਪਣੇ ਮਾਰਕੇ ਲਗਾ ਕੇ ਉਸ ਨੂੰ ਅਸੈਂਬਲ ਕਰਦੀਆਂ ਹਨ, ਜਿਸ ਕਾਰਨ ਮੋਹਰ ਤਾਂ ਭਾਰਤ ਦੀ ਲੱਗ ਜਾਂਦੀ ਹੈ ਪਰ ਮਾਲ ਚੀਨ ਦਾ ਹੀ ਹੁੰਦਾ ਹੈ। ਸੋਸ਼ਲ ਮੀਡੀਆ 'ਤੇ ਇਸ ਵਾਰ ਜ਼ੋਰ-ਸ਼ੋਰ ਨਾਲ ਲੋਕਾਂ ਵਲੋਂ ਚੀਨ ਦੇ ਮਾਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵਲੋਂ ਆਉਣ ਵਾਲੇ ਰੱਖੜੀ ਦੇ ਤਿਉਹਾਰ 'ਤੇ ਸਵਦੇਸ਼ੀ ਰੱਖੜੀਆਂ ਦੀ ਵਰਤੋਂ ਲਈ ਭਾਰਤ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ। 
ਕੀ ਕਹਿੰਦੀਆਂ ਹਨ ਰੱਖੜੀ ਖਰੀਦਣ ਵਾਲੀਆਂ ਭੈਣਾਂ
ਰੱਖੜੀ ਖਰੀਦ ਕੇ ਆਪਣੇ ਭਰਾ ਦੇ ਗੁੱਟ 'ਤੇ ਬੰਨ੍ਹਣ ਵਾਲੀਆਂ ਭੈਣਾਂ ਬਬੀਤਾ ਗੋਇਲ, ਅਮਨ ਅਲਾਪ, ਤ੍ਰਿਵੈਣੀ, ਗੁਰਜੋਤ, ਲਵਨ, ਸਰਬਜੀਤ, ਪੂਜਾ, ਅਮਨਦੀਪ, ਅਨਾਨਿਆ ਜਿੰਦਲ, ਜੀਆ ਅਰੋੜਾ ਤੇ ਨਾਇਰਾ ਆਨੰਦ ਨੇ ਕਿਹਾ ਕਿ ਅਸੀਂ ਚੀਨ ਦੀ ਬਣੀ ਰੱਖੜੀ ਅਤੇ ਉਤਪਾਦਾਂ ਦਾ ਪੁਰਜ਼ੋਰ ਵਿਰੋਧ ਕਰਦੀਆਂ ਹਾਂ ਕਿਉਂਕਿ ਭਾਰਤ ਦੇ ਤਿਉਹਾਰਾਂ ਦਾ ਫਾਇਦਾ ਵਿਦੇਸ਼ਾਂ ਨੂੰ ਮਿਲ ਰਿਹਾ ਹੈ। ਅਸੀਂ ਆਪਣੇ ਦੇਸ਼ ਦਾ ਪੈਸਾ ਦੂਜੀਆਂ ਕੰਟਰੀਆਂ ਨੂੰ ਭੇਜ ਕੇ ਆਪਣੇ ਭਾਰਤ ਦੇਸ਼ ਦੇ ਰੁਪਏ ਦੀ ਕੀਮਤ 'ਚ ਗਿਰਾਵਟ ਲਿਆ ਰਹੇ ਹਾਂ।